ਜਗਰਾਉਂ, 4 ਫਰਵਰੀ ( ਵਿਕਾਸ ਮਠਾੜੂ)-ਜੀ .ਐਚ. ਜੀ. ਅਕੈਡਮੀ,ਜਗਰਾਉਂ ਵਿਖੇ ਸ੍ਰੀ ਗੁਰੂ ਹਰ ਰਾਏ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਤੇ ਗਿਆਰਵੀਂ ਜਮਾਤ ਸਾਇੰਸ ਦੀ ਵਿਦਿਆਰਥਣ ਹਰਵਿੰਦਰ ਕੌਰ ਨੇ ਭਾਸ਼ਣ ਰਾਹੀਂ ਗੁਰੂ ਜੀ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਗੁਰੂ ਹਰਰਾਇ ਜੀ ਸਿੱਖਾਂ ਦੇ ਸਤਵੇਂ ਗੁਰੂ ਹੋਏ ਹਨ, ਜਿਨ੍ਹਾਂ ਦਾ ਜਨਮ 1634 ਈਸਵੀ ਨੂੰ ਕੀਰਤਪੁਰ ਵਿਖੇ ਬਾਬਾ ਗੁਰਦਿੱਤ ਸਿੰਘ ਜੀ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ ਹੋਇਆ। ਗੁਰੂ ਹਰਿ ਰਾਏ ਸਾਹਿਬ ਜੀ ਦੀ ਵਿਸ਼ੇਸ਼ ਲਗਨ, ਮਿਹਨਤ ਅਤੇ ਉਸਤਾਦਾਂ ਦੀ ਸੰਜੀਦਗੀ ਕਰਨ ”ਤੇ ਆਪ 13-14 ਸਾਲ ਉਮਰ ਤੱਕ ਸ਼ਸਤਰ ਅਤੇ ਸ਼ਾਸਤਰ ਸਿੱਖਿਆ ਵਿਚ ਮੁਹਾਰਤ ਪ੍ਰਾਪਤ ਕਰ ਗਏ । ਸੱਤਵੇਂ ਪਾਤਸ਼ਾਹ ਜਿਥੇ ਗਿਆਨਵਾਨ, ਮਿੱਠੇ ਅਤੇ ਨਿੱਘੜੇ ਸੁਭਾਅ ਦੇ ਮਾਲਕ ਸਨ, ਉਥੇ ਉਨ੍ਹਾਂ ਦਾ ਹਿਰਦਾ ਵੀ ਬੜਾ ਕੋਮਲ ਅਤੇ ਦਇਆਵਾਨ ਸੀ।7 ਜੁਲਾਈ ਸੰਨ 1661 ਈ: ਵਿੱਚ ਆਪਣੇ ਛੋਟੇ ਸਪੁੱਤਰ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਗੁਰੂ ਨਾਨਕ ਦੀ ਗੱਦੀ ਉੱਤੇ ਬਿਠਾ ਕੇ ਪੰਜ ਪੈਸੇ ਤੇ ਨਾਰੀਅਲ ਰੱਖ, ਪੰਜ ਪਰਕਰਮਾਂ ਕਰ ਕੇ ਮੱਥਾ ਟੇਕਿਆ। ਬਾਬਾ ਬੁੱਢਾ ਜੀ ਦੇ ਸਪੁੱਤਰ ਭਾਈ ਭਾਨਾ ਜੀ ਪਾਸੋਂ ਗੁਰਿਆਈ ਦਾ ਤਿਲਕ ਲਗਵਾਇਆ। ਇਸ ਤੋਂ ਬਾਅਦ ਆਪ ਜੀ ਜੋਤੀ ਜੋਤ ਸਮਾ ਗਏ।ਅਖੀਰ ਵਿੱਚ ਜੀ .ਐਚ. ਜੀ. ਅਕੈਡਮੀ ਦੇ ਚੇਅਰਮੈਨ ਗੁਰਮੇਲ ਸਿੰਘ ਮੱਲ੍ਹੀ ਨੇ ਵੀ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਨੂੰ ਪੜ੍ਹਨ ਲਈ ਪ੍ਰੇਰਿਤ ਕੀਤਾ । ਜੀ. ਐਚ .ਜੀ. ਅਕੈਡਮੀ ਦੇ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਗੁਰੂ ਹਰ ਰਾਏ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਨਾਲ ਹੀ ਗੁਰੂਆਂ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਉਪਦੇਸ਼ ਦਿੱਤਾ ।
