“ਨਾਜਾਇਜ ਮਾਈਨਿੰਗ ਨੂੰ ਰੋਕਣ ਲਈ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਹੀ ਚੱਲਣਗੀਆਂ ਖੱਡਾਂ – ਐਸ.ਡੀ.ਐਮ.”
ਜਲਾਲਾਬਾਦ,(ਰਾਜਨ ਜੈਨ – ਰੋਹਿਤ ਗੋਇਲ): ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਤਹਿਤ ਇਕ ਹੋਰ ਗਾਰੰਟੀ ਨੂੰ ਪੂਰਾ ਕਰਦਿਆਂ ਘੱਟ ਰੇਟ ਤੇ ਰੇਤਾ ਮੁਹੱਈਆ ਕਰਵਾਉਣ ਦਾ ਕਾਰਜ ਨੇਪਰੇ ਚਾੜਿਆ ਹੈ।ਪੰਜਾਬ ਸਰਕਾਰ ਵੱਲੋਂ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਰੇਤੇ ਦੀਆਂ ਦਰਾਂ ਤੈਅ ਕਰਦਿਆਂ 16 ਖੱਡਾਂ ਦੀ ਸ਼ੁਰੂਆਤ ਕੀਤੀ ਗਈ ਹੈ।ਇਸੇ ਤਹਿਤ ਵਿਧਾਇਕ ਜਲਾਲਾਬਾਦ ਜਗਦੀਪ ਕੰਬੋਜ਼ ਗੋਲਡੀ ਅਤੇ ਐਸ.ਡੀ.ਐਮ. ਰਵਿੰਦਰ ਅਰੋੜਾ ਵੱਲੋਂ ਜਲਾਲਾਬਾਦ ਦੇ ਪਿੰਡ ਚੱਕ ਗਰੀਬਾ ਸਾਂਦੜ ਵਿਖੇ ਰੇਤ ਖੱਡ ਦੀ ਸ਼ੁਰੂਆਤ ਕੀਤੀ।ਵਿਧਾਇਕ ਜਲਾਲਾਬਾਦ ਜਗਦੀਪ ਕੰਬੋਜ਼ ਗੋਲਡੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਲੋਕ ਭਲਾਈ ਫੈਸਲੇ ਲਏ ਜਾ ਰਹੇ ਹਨ ਅਤੇ ਲੋਕਾਂ ਨਾਲ ਕੀਤੀਆਂ ਗਾਰੰਟੀਆਂ ਨੂੰ ਉਨ੍ਹਾਂ ਦੀ ਸਰਕਾਰ ਵੱਲੋਂ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਘੱਟ ਰੇਟ ਤੇ ਰੇਤਾ ਮੁਹੱਈਆ ਕਰਵਾਉਣ ਦੀ ਅਹਿਮ ਗਾਰੰਟੀ ਪੂਰੀ ਹੋਣ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਰੇਤਾ ਨਿਰਧਾਰਤ ਕੀਤਾ ਗਿਆ ਹੈ ਜਿਸ ਨਾਲ ਲੋਕ ਅਸਾਨੀ ਨਾਲ ਰੇਤ ਦੀ ਖਰੀਦ ਕਰ ਸਕਣਗੇ।ਜਗਦੀਪ ਕੰਬੋਜ਼ ਗੋਲਡੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਵੀ 300 ਯੁਨਿਟ ਮੁਫਤ ਬਿਜਲੀ, 26000 ਸਰਕਾਰੀ ਨੋਕਰੀਆਂ,ਕਚੇ ਮੁਲਾਜਮਾਂ ਨੁੰ ਪੱਕੇ ਕਰਨਾ, ਆਮ ਆਦਮੀ ਕਲੀਨਿਕ ਖੋਲਣ, ਸਕੂਲ ਆਫ ਐਮਿਨੈਂਸ ਆਦਿ ਗਾਰੰਟੀਆਂ ਨੂੰ ਪੂਰਾ ਕੀਤਾ ਹੈ।ਉਨ੍ਹਾਂ ਕਿਹਾ ਕਿ ਲੋਕਾਂ ਨਾਲ ਕੀਤੇ ਇਕ—ਇਕ ਵਾਅਦੇ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਕਾਰਜਕਸ਼ੀਲ ਹੈ।ਐਸ.ਡੀ.ਐਮ. ਰਵਿੰਦਰ ਅਰੋੜਾ ਨੇ ਕਿਹਾ ਕਿ ਲੋਕ ਹੁਣ ਆਪੇ ਖੱਡ ਤੇ ਆਪਣਾ ਟਰੈਟਕਰ ਟਰਾਲੀ ਲਿਜਾ ਕੇ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੀ ਦਰ ਨਾਲ ਪੈਸੇ ਭਰ ਕੇ ਲੋੜ ਅਨੁਸਾਰ ਆਪੇ ਰੇਤਾ ਲਿਆਉਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਰੇਤ ਮਾਫੀਆ ਤਾਂ ਖਤਮ ਹੋਵੇਗਾ ਤੇ ਇਸ ਪਾਲਿਸੀ ਰਾਹੀਂ ਪਾਰਦਰਸ਼ਤਾ ਵੀ ਆਵੇਗੀ।ਉਨ੍ਹਾਂ ਕਿਹਾ ਕਿ ਨਾਜਾਇਜ ਮਾਈਨਿੰਗ ਨੂੰ ਰੋਕਣ ਲਈ ਖੱਡਾਂ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਹੀ ਚੱਲਣਗੀਆਂ।ਇਸ ਮੌਕੇ ਵੱਖ—ਵੱਖ ਵਿਭਾਗੀ ਅਧਿਕਾਰੀ ਤੇ ਆਗੂ ਮੌਜੂਦ ਸਨ।
