ਜਗਰਾਉਂ, 8 ਉਪਵਰੀ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਮੰਗਲਵਾਰ ਰਾਤ ਪੁਲਿਸ ਨਾਕਾ ਤੋੜ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰਨ ਵਾਲੇ ਨਸ਼ਾ ਤਸਕਰ ਨੂੰ ਪੁਲਿਸ ਵਲੋਂ ਮੁੱਠਭੇੜ ਤੋਂ ਬਾਅਦ ਫੜਿਆ ਗਿਆ। ਮੁਲਜ਼ਮ ਦੀ ਪਛਾਣ ਜਗਤਾਰ ਸਿੰਘ ਵਾਸੀ ਪਿੰਡ ਮੀਆਂਵਾਲਾ ਥਾਣਾ ਫਲੋਰ, ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਜਿਸ ਨੂੰ ਬੁੱਧਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਅਤੇ ਪੁੱਛਗਿੱਛ ਲਈ ਦੋ ਦਿਨ ਦੀ ਪੁਲਸ ਹਾਸਲ ਕੀਤਾ ਗਿਆ। ਸੂਤਰਾਂ ਅਨੁਸਾਰ ਇੱਥੋਂ ਨੇੜਲੇ ਪਿੰਡ ਮੁੱਲਾਪੁਰ ਦੀ ਰਹਿਣ ਵਾਲੀ ਗੁਲਸ਼ਨ ਨਾਂ ਦੀ ਔਰਤ ਤੋਂ ਨਸ਼ੇ ਦੀ ਖੇਪ ਲੈ ਕੇ ਉਹ ਜਗਰਾਓਂ ਵੱਲ ਆ ਰਿਹਾ ਸੀ। ਜੋ ਕਿ ਪੁਲਿਸ ਨਾਕਾ ਦੇਖ ਕੇ ਘਬਰਾ ਗਿਆ ਅਤੇ ਨਾਕੇ ’ਤੇ ਵੈਰੀਗੇਟ ਤੋੜਦੇ ਹੋਏ ਅਤੇ ਉਥੇ ਖੜੀਆਂ ਪੁਲਿਸ ਗੱਡੀਆਂ ਨੂੰ ਟੱਕਰ ਮਾਰ ਕੇ ਕਾਰ ਨੂੰ ਤੇਜ਼ ਭਜਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਰੋਕਣ ਤੋਂ ਬਾਅਦ ਵੀ ਜਦੋਂ ਉਹ ਨਾ ਰੁਕਿਆ ਤਾਂ ਪੁਲੀਸ ਨੇ ਉਸ ਦੀ ਕਾਰ ਦੇ ਟਾਇਰਾਂ ’ਤੇ ਗੋਲੀਆਂ ਮਾਰ ਕੇ ਉਸਨੂੰ ਕਾਬੂ ਕਰ ਲਿਆ। ਗ੍ਰਿਫਤਾਰ ਕੀਤੇ ਗਏ ਦੋਸ਼ੀ ਜਗਤਾਰ ਸਿੰਘ ਪਾਸੋਂ 50 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਸਦੇ ਖਿਲਾਫ ਥਾਣਾ ਸਿਟੀ ਵਿਖੇ ਪੁਲਿਸ ਮੁਲਾਜ਼ਮਾਂ ਨੂੰ ਜਾਨੋਂ ਮਾਰਨ ਦੇ ਇਰਾਦੇ ਨਾਲ ਹਿੱਟ ਕਰਨ ਦੇ ਦੋਸ਼ ਹੇਠ ਧਾਰਾ 307 ਅਤੇ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਪੁਲੀਸ ਵੱਲੋਂ ਉਕਤ ਮਾਮਲੇ ਵਿੱਚ ਸ਼ਾਮਲ ਪਾਈ ਗਈ ਔਰਤ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
