ਹਠੂਰਂ, 8 ਫਰਵਰੀ ( ਬੌਬੀ ਸਹਿਜਲ, ਧਰਮਿੰਦਰ )- ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਰਿਸ਼ਤੇਦਾਰ ਦੱਸ ਕੇ 6 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ 4 ਵਿਅਕਤੀਆਂ ਖਿਲਾਫ ਥਾਣਾ ਹਠੂਰ ਵਿਖੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਏਐਸਆਈ ਰਸ਼ਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਜਗਦੀਸ਼ ਸਿੰਘ ਵਾਸੀ ਪਿੰਡ ਮਾਣੂੰਕੇ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 8 ਜੂਨ 2022 ਨੂੰ ਉਸ ਨੂੰ ਇੱਕ ਵਿਦੇਸ਼ੀ ਫ਼ੋਨ ਨੰਬਰ ਤੋਂ ਫ਼ੋਨ ਆਇਆ। ਜਿਸਨੇ ਉਸਨੂੰ ਗੱਲਾਂ ਵਿਚ ਉਲਝਾ ਲਿਆ। ਜਦੋਂ ਜਗਦੀਸ਼ ਸਿੰਘ ਨੇ ਉਸ ਨੂੰ ਪੁੱਛਿਆ ਕਿ ਤੁਸੀਂ ਕਿਰਨ (ਸ਼ਿਕਾਇਤਕਰਤਾ ਦਾ ਰਿਸ਼ਤੇਦਾਰ) ਬੋਲ ਰਹੇ ਹੋ ਤਾਂ ਉਸ ਨੇ ਤੁਰੰਤ ਹਾਂ ਕਰ ਦਿੱਤੀ ਅਤੇ ਉਸ ਨਾਲ ਪਰਿਵਾਰ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਜਗਦੀਸ਼ ਸਿੰਘ ਨੂੰ ਉਲਝਾਉਂਦਿਆਂ ਕਿਹਾ ਕਿ ਮੈਂ ਤੇਰੇ ਖਾਤੇ ਵਿਚ 11 ਲੱਖ ਰੁਪਏ ਪਾ ਰਿਹਾ ਹੈ। ਮੇਰਾ ਇੱਕ ਦੋਸਤ ਤੇਰੇ ਨਾਲ ਗੱਲ ਕਰੇਗਾ ਨੂੰ ਉਸਨੂੰ ਕੁਝ ਪੈਸੇ ਕਢਵਾ ਕੇ ਜਾਂ ਆਪਣੇ ਕੋਲੋਂ ਦੇ ਦੇਵੀਂ ਅਤੇ ਬਾਕੀ ਪੈਸੇ ਜਦੋਂ ਮੈਂ 2 ਮਹੀਨੇ ਬਾਅਦ ਛੁੱਟੀ ’ਤੇ ਆਵਾਂਗਾ ਉਦੋਂ ਆਪਾਂ ਦੇਖ ਲਵਾਂਗੇ। ਕੁਝ ਸਮੇਂ ਬਾਅਦ ਉਸ ਨੇ ਕਿਹਾ ਕਿ ਆਪਣਾ ਖਾਤਾ ਚੈੱਕ ਕਰੋ ਮੈਂ ਤੁਹਾਨੂੰ ਪੈਸੇ ਪਾ ਦਿਤੇ ਗਨ, ਤੁਹਾਨੂੰ ਮੈਸੇਜ ਆਇਆ ਹੋਵੇਗਾ। ਪਰ ਜਗਦੀਸ਼ ਸਿੰਘ ਨੂੰ ਕੋਈ ਮੈਸੇਜ ਨਾ ਆਇਆ ਹੋਣ ਕਰਕੇ ਉਸਨੂੰ ਕਿਹਾ ਕਿ ਮੈਨੂੰ ਤਾਂ ਕੋਈ ਮੈਸੇਜ ਨਹੀਂ ਆਇਆ। ਉਸਨੇ ਅੱਗੋਂ ਕਿਹਾ ਕਿ ਪੈਸੇ ਉਸ ਦੇ ਖਾਤੇ ਵਿੱਚ ਪਾ ਦਿਤੇ ਹਨ। ਸ਼ਾਇਦ ਤੁਹਾਨੂੰ ਮੈਸੇਜ ਨਹੀਂ ਆਇਆ। ਮੈਂ ਤੁਹਾਨੂੰ ਇੱਕ ਬੈਂਕ ਖਾਤਾ ਨੰਬਰ ਦਿੰਦਾ ਹਾਂ, ਤੁਸੀਂ ਇਸ ਵਿੱਚ ਛੇ ਲੱਖ ਰੁਪਏ ਪਾ ਦਿਓ। ਮੇਰੇ ਵੀਜ਼ੇ ਦੀ ਮਿਆਦ ਪੁੱਗ ਗਈ ਹੈ ਅਤੇ ਮੇਰੀ ਫਾਈਲ ਲਟਕੀ ਪਈ ਹੈ। ਬਹੁਤ ਜਰੂਰੀ ਕੰਮ ਹੈ। ਜੇਕਰ ਫਾਈਲ ਕਲੀਅਰ ਨਹੀਂ ਹੋਈ ਤਾਂ ਇਹ ਮੈਨੂੰ ਦੇਸ਼ ਤੋਂ ਡਿਪੋਰਟ ਕਰ ਦੇਣਗੇ। ਉਸ ਦੀਆਂ ਗੱਲਾਂ ਵਿਚ ਆ ਕੇ ਜਗਦੀਸ਼ ਸਿੰਘ ਨੇ ਦੋ ਵਿਅਕਤੀਆਂ ਤੋਂ 3-3 ਲੱਖ ਰੁਪਏ ਉਧਾਰ ਲਏ ਅਤੇ ਉਸ ਵੱਲੋਂ ਦਿੱਤੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੇ। ਬਾਅਦ ਵਿੱਚ ਜਦੋਂ ਉਸਨੂੰ ਪਤਾ ਲੱਗਾ ਕਿ ਉਸਦੇ ਨਾਲ ਠੱਗੀ ਹੋਈ ਹੈ ਤਾਂ ਜਗਦੀਸ਼ ਸਿੰਘ ਨੇ ਇਸਦੀ ਸ਼ਿਕਾਇਤ ਐਸ.ਐਸ.ਪੀ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਨੂੰ ਦਿੱਤੀ। ਜਿਸ ਦੀ ਜਾਂਚ ਡੀ.ਐਸ.ਪੀ ਰਾਏਕੋਟ ਵੱਲੋਂ ਕੀਤੀ ਗਈ। ਜਾਂਚ ਤੋਂ ਬਾਅਦ ਥਾਣਾ ਹਠੂਰ ’ਚ ਨਾਗਰੇ ਆਲਮ, ਜਨਾਬ, ਸੋਹੇਲ ਅਤੇ ਵਿਵੇਕ ਨਾਮ ਦੇ ਚਾਰ ਵਿਅਕਤੀਆਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ।