ਮੋਟਰਸਾਈਕਲ-ਬੱਸ ਦੀ ਟੱਕਰ ‘ਚ ਇਕ ਔਰਤ ਤੇ ਨੌਜਵਾਨ ਦੀ ਮੌਤ
ਘੁਮਾਣ (ਭਗਵਾਨ ਭੰਗੂ-ਲਿਕੇਸ ਸ਼ਰਮਾ ) ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ’ਚ ਸਵੇਰੇ ਪੈਟਰੋਲ ਪੰਪ ਦੇ ਨਜ਼ਦੀਕ ਦਰਦਨਾਕ ਹਾਦਸਾ ਵਾਪਰ ਕਾਰਨ ਤੇਜ਼ ਰਫ਼ਤਾਰ ਬੱਸ ਦੀ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਦੌਰਾਨ ਮੋਟਰਸਾਈਕਲ ਸਵਾਰ ਇਕ ਔਰਤ ਤੇ ਨੌਜਵਾਨ ਦੀ ਮੌਤ ਹੋ ਗਈ ਹੈ।
ਥਾਣਾ ਘੁਮਾਣ ਦੇ ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਮਨਪ੍ਰੀਤ ਸਿੰਘ ਜਸ਼ਨ 20 ਸਾਲ ਪੁੱਤਰ ਕੁਲਵੰਤ ਸਿੰਘ ਵਾਸੀ ਗਹਿਰੀ ਮੰਡੀ ਜੰਡਿਆਲਾ ਗੁਰੂ (ਅੰਮ੍ਰਿਤਸਰ) ਤੇ ਉਸਦੀ ਕੋਈ ਰਿਸ਼ਤੇਦਾਰ ਪਰਮਜੀਤ ਕੌਰ 50 ਸਾਲ ਪਤਨੀ ਲਖਵਿੰਦਰ ਸਿੰਘ ਵਾਸੀ ਗਹਿਰੀ ਮੰਡੀ ਜੰਡਿਆਲਾ ਗੁਰੂ (ਅੰਮ੍ਰਿਤਸਰ) ਜ਼ੋ ਕਿ ਆਪਣੇ ਸਪ੍ਰਲੈਡਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਮੰਡਿਆਲਾ ਤੋਂ ਆਪਣੇ ਕਿਸੇ ਰਿਸ਼ਤੇਦਾਰ ਦੇ ਘਰੋਂ ਹੋ ਕੇ ਆਪਣੇ ਪਿੰਡ ਗਹਿਰੀ ਮੰਡੀ ਜੰਡਿਆਲਾ ਗੁਰੂ ਵਿਖੇ ਜਾ ਰਹੇ ਸਨ। ਜਦੋਂ ਕਸਬਾ ਘੁਮਾਣ ਨਜ਼ਦੀਕ ਪੈਟਰੋਲ ਪੰਪ ਲਾਗੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਬੱਸ ਨਾਲ ਆਹਮੋਂ ਸਾਹਮਣੀ ਟੱਕਰ ਹੋ ਗਈ। ਇਸ ਨਾਲ ਮੋਟਰਸਾਈਕਲ ਸਵਾਰ ਜਮਨਪ੍ਰੀਤ ਸਿੰਘ ਜਸ਼ਨ ਦੀ ਮੌਕੇ ’ਤੇ ਮੌਤ ਹੋ ਗਈ ਤੇ ਪਰਮਜੀਤ ਕੌਰ ਪਤਨੀ ਲਖਵਿੰਦਰ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ ਜਿਸਨੂੰ ਪਹਿਲਾਂ ਘੁਮਾਣ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਤੇ ਫਿਰ ਸਿਵਲ ਹਸਪਤਾਲ ਬਟਾਲਾ ਵਿਖੇ ਰੈਫਰ ਕਰ ਦਿੱਤਾ ਗਿਆ, ਜਿੱਥੇ ਹਸਪਤਾਲ ’ਚ ਪਰਮਜੀਤ ਕੌਰ ਦੀ ਵੀ ਮੌਤ ਹੋ ਗਈ। ਇਸ ਸਬੰਧੀ ਥਾਣਾ ਘੁਮਾਣ ਦੇ ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਵਾਹਨਾਂ ਨੂੰ ਕਬਜ਼ੇ ’ਚ ਲੈਕੇ ਬੱਸ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ।