ਨਸ਼ੇ ਨੂੰ ਨੱਥ ਪਾਉਣ ਲਈ ਪਬਲਿਕ ਪੁਲਿਸ ਦਾ ਸਾਥ ਦੇਵੇ :- ਏ ਡੀ ਜੀ ਪੀ
ਜਗਰਾਉਂ 21 ਫਰਵਰੀ (ਰਾਜੇਸ਼ ਜੈਨ, ਭਗਵਾਨ ਭੰਗੂ )-ਪੰਜਾਬ ਅੰਦਰ ਨਸ਼ੇ ਦੇ ਨੈਟਵਰਕ ਨੂੰ ਪੂਰੀ ਤਰ੍ਹਾਂ ਨਾਲ ਸਮਾਪਤ ਕਰਨ ਲਈ ਪੁਲਿਸ ਵਲੋਂ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਮੰਗਲਵਾਰ ਨੂੰ ਏ ਡੀ ਜੀ ਪੀ ਪ੍ਰੋਵਿਜਨਿੰਗ ਪੰਜਾਬ ਅਰੁਣਪਾਲ ਸਿੰਘ ਦੀ ਅਗਵਾਈ ਹੇਠ ਪੁਲੀਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਨਵਨੀਤ ਸਿੰਘ ਬੈਂਸ ਵੱਲੋਂ ਨਸ਼ਾ ਸਮੱਗਲਰਾਂ ਖਿਲਾਫ ਵਿਸ਼ੇਸ਼ ਸਰਚ ਅਭਿਆਨ ਚਲਾਇਆ ਗਿਆ। ਜਿਸ ਵਿਚ ਜਗਰਾਓਂ ਦੇ ਕੋਠੇ ਖੰਜੂਰਾਂ, ਮੁਹੱਲਾ ਮਾਈ ਜੀਨਾ ਸਮੇਤ ਹੋਰ ਇਲਾਕੇ, ਸਿੱਧਵਾਂਬੇਟ, ਮੁੱਲਾਂਪੁਰ, ਰਾਏਕੋਟ ਇਲਾਕਿਆਂ ਵਿਚ ਸਮੂਹਿਕ ਤੌਰ ਤੇ ਸਰਚ ਅਭਿਆਨ ਚਲਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ਵਿਚ ਪੁਲਿਸ ਅਧਿਕਾਰੀਆਂ/ਤਕਮਚਾਰੀਆਂ ਵਲੋਂ ਸ਼ੱਕਾ ਇਲਾਕਿਆਂ ਵਿਚ ਤਲਾਸ਼ੀ ਲਈ ਗਈ ਅਤੇ ਸ਼ੱਕੀ ਵਿਅਕਤੀਆਂ ਨੂੰ ਪੁੱਛ ਗਿਛ ਲਈ ਹਿਰਾਸਤ ਵਿਚ ਵੀ ਲਿਆ ਗਿਆ। ਇਸ ਮੌਕੇ ਐੱਸਪੀ ਡੀ ਹਰਿੰਦਰਪਾਲ ਸਿੰਘ ਪਰਮਾਰ ,ਡੀਐੱਸਪੀ ਗੁਰਬਿੰਦਰ ਸਿੰਘ , ਡੀਐਸਪੀ ਦਲਬੀਰ ਸਿੰਘ, ਡੀ ਐੱਸ ਪੀ ਜਸਪਾਲ ਸਿੰਘ, ਥਾਣਾ ਸਿੱਧਵਾਂ ਬੇਟ ਦੇ ਮੁੱਖ ਅਫਸਰ ਇੰਸਪੈਕਟਰ ਸੁਨੀਲ ਕੁਮਾਰ, ਥਾਣਾ ਸਿਟੀ ਦੇ ਇੰਚਾਰਜ ਹੀਰਾ ਸਿੰਘ, ਥਾਣਾ ਸਦਰ ਦੇ ਇੰਚਾਰਜ ਅਮਰਜੀਤ ਸਿੰਘ, ਸੀ ਆਈ ਏ ਦੇ ਇੰਚਾਰਜ ਨਵਦੀਪ ਸਿੰਘ ਭੱਟੀ ਤੋਂ ਇਲਾਵਾ ਪੁਲੀਸ ਕਰਮਚਾਰੀਆ ਵੱਲੋਂ ਸਿੱਧਵਾਂ ਬੇਟ ਦੇ ਕਈ ਪਿੰਡਾਂ ਵਿੱਚ ਸਰਚ ਆਪ੍ਰੇਸ਼ਨ ਕੀਤਾ ਗਿਆ ਅਤੇ ਨਾਕਾਬੰਦੀ ਕੀਤੀ ਗਈ। ਸਰਚ ਪਾਰਟੀਆਂ ਵੱਲੋਂ ਬਰੀਕੀ ਨਾਲ ਸਰਚ ਕੀਤੀ ਗਈ। ਸਰਚ ਆਪ੍ਰੇਸ਼ਨ ਦੇ ਦੌਰਾਨ ਐਸਐਸਪੀ ਨਵਨੀਤ ਸਿੰਘ ਬੈਂਸ ਨੇ ਕਿਹਾ ਕਿ ਨਸ਼ਾ ਸਮਗਲਰਾਂ ਨੂੰ ਨੱਥ ਪਾਉਣ ਲਈ ਸਰਚ ਅਪ੍ਰੇਸ਼ਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪਬਲਿਕ ਪੁਲਸ ਦਾ ਸਾਥ ਦੇਵੇ ਤਾਂ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕਦਾ ਹੈ।
ਕੀ ਕਹਿਣਾ ਹੈ ਏ ਡੀ ਜੀ ਪੀ ਅਰੁਣਪਾਲ ਸਿੰਘ ਦਾ-ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏ ਡੀ ਜੀ ਪੀ ਅਰੁਣਪਾਲ ਸਿੰਘ ਨੇ ਕਿਹਾ ਕਿ ਨਸ਼ਿਆਂ ਖਿਲਾਫ਼ ਜੋ ਪੁਲਿਸ ਨੇ ਮੁਹਿੰਮ ਚਲਾਈ ਹੈ ਉਸ ਦੇ ਤਹਿਤ ਨਸ਼ਿਆਂ ਦੇ ਕਾਰੋਬਾਰ ਕਰਨ ਵਾਲਿਆਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਪੁਲੀਸ ਨੂੰ ਲਗਾਤਾਰ ਕਾਮਯਾਬੀ ਵੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਖੁਦ ਅੱਗੇ ਆ ਕੇ ਨਸ਼ਿਆਂ ਤੋਂ ਤੋਬਾ ਕਰ ਰਹੇ ਹਨ ਜੋ ਕਿ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੀ ਨਸ਼ਿਆਂ ਖ਼ਿਲਾਫ਼ ਇਸੇ ਤਰ੍ਹਾਂ ਸਰਚ ਆਪ੍ਰੇਸ਼ਨ ਕੀਤੇ ਜਾਣਗੇ। ਉਹਨਾਂ ਪਬਲਿਕ ਨੂੰ ਅਪੀਲ ਕੀਤੀ ਕਿ ਪੰਜਾਬ ਅੰਦਰੋਂ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਪੁਲਿਸ ਦਾ ਬੇਝਿਜਕ ਹੋ ਕੇ ਸਾਥ ਦੇਣ।