ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਜੀਟੀ ਰੋਡ ਜਾਮ ਕੀਤਾ
ਮਾਮਲਾ-ਪਿੰਡ ਕਾਉਂਕੇ ਕਲਾਂ ਦੇ 26 ਬੱਚਿਆਂ ਦਾ 10ਵੀਂ ਜਮਾਤ ਦਾ ਰੋਲ ਨੰਬਰ ਨਾ ਮਿਲਣ ਦਾ
ਜਗਰਾਓਂ, 1 ਅਪ੍ਰੈਲ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ, ਵਿਕਾਸ ਮਠਾੜੂ )-ਜਗਰਾਓਂ ਨੇੜਲੇ ਪਿੰਡ ਕਾਉਂਕੇ ਕਲਾਂ ਦੇ ਨਿੱਜੀ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਦੇ 26 ਬੱਚਿਆਂ ਨੂੰ ਬੋਰਡ ਵੱਲੋਂ ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚ ਬੈਠਣ ਲਈ ਰੋਲ ਨੰਬਰ ਜਾਰੀ ਨਹੀਂ ਕੀਤੇ ਜਾਣ ਕਾਰਨ ਉਕਤ ਸਾਰੇ ਬੱਚੇ ਰੋਸ ਪ੍ਰਗਟ ਕਰ ਰਹੇ ਹਨ। ਇਸ ਵਾਰ ਇਮਤਿਹਾਨ ਵਿੱਚ ਨਹੀਂ ਬੈਠ ਸਕੇ ਤਾਂ ਉਨ੍ਹਾਂ ਸਾਰਿਆਂ ਦਾ ਇਕ ਸਾਲ ਹਨੇਰੇ ਵਿੱਚ ਡੁੱਬ ਜਾਵੇਗਾ। ਜਿਸ ਕਾਰਨ ਪ੍ਰੇਸ਼ਾਨ ਬੱਚੇ ਅਤੇ ਉਨ੍ਹਾਂ ਦੇ ਪਰਿਵਾਰ ਆਪਣੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਸ਼ਨੀਵਾਰ ਨੂੰ ਉਨ੍ਹਾਂ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਮੋਗਾ ਸਾਈਡ ਜੀ.ਟੀ ਰੋਡ ਜਾਮ ਕਰ ਦਿੱਤਾ। ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਕੁਝ ਰਾਹਗੀਰ ਪ੍ਰਦਰਸ਼ਨਕਾਰੀਆਂ ਨਾਲ ਝਗੜਾ ਕਰਦੇ ਹੋਏ ਨਜ਼ਰ ਆਏ। ਦੋਵੇਂ ਪਾਸੇ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਸੂਚਨਾ ਮਿਲਣ ’ਤੇ ਡੀਐਸਪੀ ਸਤਵਿੰਦਰ ਸਿੰਘ ਵਿਰਕ ਅਤੇ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਹੀਰਾ ਸਿੰਘ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਅਤੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਧਰਨਾ ਸਮਾਪਤ ਕਰਵਾਇਆ।
ਜ਼ਿਕਰਯੋਗ ਹੈ ਕਿ ਪਹਿਲੇ ਹੀ ਦਿਨ 24 ਮਾਰਚ ਨੂੰ ਸਥਾਨਕ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਪਾਸ ਪੀੜਿ ਬੱਚਿਆਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਪਹੁੰਚ ਕੇ ਸਾਰੇ ਮਾਮਲੇ ਤੋਂ ਜਾਣੂ ਕਰਵਾਇਆ ਸੀ ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਾ ਜਾਹਿਰ ਕਰਦੇ ਹਏ ਤੁਰੰਤ ਦਖਲ ਦੇ ਕੇ ਬੱਚਿਆਂ ਦੇ ਪੇਪਰ ਕਰਵਾਉਣ ਦੀ ਮੰਗ ਕੀਤੀ ਸੀ। ਜਿਸ ਤੇ ਵਿਧਾਇਕਾ ਵਲੋਂ ਵੱਡਾ ਦਾਅਵਾ ਕੀਤਾ ਸੀ ਕਿ ਭਾਵੇਂ ਪਹਿਲਾ ਪੇਪਰ ਇਨ੍ਹਾਂ ਬੱਚਿਆਂ ਦਾ ਨਹੀਂ ਹੋ ਸਕਿਆ ਪਰ ਅਗਲਾ ਪੇਪਰ ਇਹ ਸਾਰੇ ਬੱਚੇ ਲਾਜਮੀ ਦੇਣਗੇ ਉਹ ਹੁਣੇ ਇਸ ਮਮਾਲੇ ਸੰਬੰਧੀ ਸਿੱਖਿਆ ਮੰਤਰੀ ਨਾਲ ਗੱਲ ਕਰਨਗੇ। ਉਨ੍ਹਾਂ ਦੇ ਭਰੋਸੇ ’ਤੇ ਪਹਿਲੇ ਦਿਨ ਸਾਰੇ ਬੱਚੇ ਆਪਣੇ ਘਰਾਂ ਨੂੰ ਪਰਤ ਗਏ, ਪਰ ਅਗਲਾ ਪੇਪਰ 27 ਮਾਰਚ ਨੂੰ ਹੋਣਾ ਸੀ। ਇਸ ਗੰਭੀਰ ਮਾਮਲੇ ਸਬੰਧੀ ਵੀ ਵਿਧਾਇਕ ਵੱਲੋਂ ਕੋਈ ਠੋਸ ਕਦਮ ਨਾ ਚੁੱਕੇ ਜਾਣ ਕਾਰਨ ਬੱਚੇ ਅਗਲਾ ਪੇਪਰ ਵੀ ਨਹੀਂ ਦੇ ਸਕੇ ਤਾਂ ਉਨ੍ਹਾਂ 27 ਮਾਰਚ ਨੂੰ ਸਕੂਲ ਦਾ ਘਿਰਾਓ ਕੀਤਾ ਅਤੇ ਬੱਚਿਆਂ ਅਤੇ ਪਿੰਡ ਵਾਸੀਆਂ ਵੱਲੋਂ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਸ ਮੌਕੇ ਡੀਐਸਪੀ ਐਚ ਹਰਦੀਪ ਸਿੰਘ ਚੀਮਾ ਅਤੇ ਪੁਲੀਸ ਚੌਕੀ ਕਾਉਂਕੇ ਕਲਾਂ ਦੇ ਇੰਚਾਰਜ ਜਗਰਾਜ ਸਿੰਘ ਨੇ ਸਕੂਲ ਵਿੱਚ ਪਹੁੰਚ ਕੇ ਮਾਮਲੇ ਦੀ ਜਾਂਚ ਲਈ ਬਿਆਨ ਕਲਮਬੰਦ ਕੀਤੇ ਅਤੇ ਸਾਰਿਆਂ ਨੂੰ ਭਰੋਸਾ ਦਿੱਤਾ ਕਿ ਸਕੂਲ ਪ੍ਰਬੰਧਕਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਦੀ ਇਸ ਕਾਰਵਾਈ ਤੋਂ ਅਸੰਤੁਸ਼ਟ ਸਾਰੇ ਬੱਚੇ ਅਤੇ ਉਨ੍ਹਾਂ ਦੇ ਪਰਿਵਾਰ ਜਗਰਾਉਂ ਦੇ ਏਡੀਸੀ ਅਮਿਤ ਸਰੀਨ ਦੇ ਦਫ਼ਤਰ ਪੁੱਜੇ ਅਤੇ ਰੋਸ ਪ੍ਰਦਰਸ਼ਨ ਕੀਤਾ ਤਾਂ ਏਡੀਸੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਭਾਵੇਂ ਇਹ ਸਾਰੇ ਬੱਚੇ ਹੁਣ ਪੂਰੇ ਇਮਤਿਹਾਨ ਵਿੱਚ ਸ਼ਾਮਲ ਨਹੀਂ ਹੋਣਗੇ ਪਰ ਇੱਕ ਮਹੀਨੇ ਬਾਅਦ ਉਹ ਇਨ੍ਹਾਂ ਸਾਰੇ ਬੱਚਿਆਂ ਦੇ ਓਪਨ ਕੈਟਾਗਰੀ ਦੇ ਪੇਪਰ ਕਰਵਾ ਦੇਣਗੇ ਅਤੇ ਉਨ੍ਹਾਂ ਦਾ ਇਕ ਸਾਲ ਬਰਬਾਦ ਨਹੀਂ ਹੋਣ ਦੇਣਗੇ। ਇਸ ਸਾਰੇ ਘਟਨਾਕ੍ਰਮ ਦੌਰਾਨ ਸ਼ਨੀਵਾਰ ਨੂੰ ਫਿਰ ਤੋਂ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵੋਲੰ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਜਗਰਾਓ ਮੋਗਾ ਸਾਈਡ ਜੀ.ਟੀ.ਰੋਡ ’ਤੇ ਧਰਨਾ ਦੇ ਕੇ ਸੜਕ ਜਾਮ ਕਰ ਦਿੱਤੀ ਅਤੇ ਜਿੱਥੇ ਵਿਧਾਇਕ ਮਾਣੂੰਕੇ ਵੱਲੋਂ ਉਨ੍ਹਾਂ ਨੂੰ ਝੂਠਾ ਭਰੋਸਾ ਦੇਣ ਦੀ ਨਿਖੇਧੀ ਕੀਤੀ ਗਈ, ਉੱਥੇ ਹੀ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਤੇ ਰੋਸ ਜਾਹਿਰ ਕੀਤਾ ਗਿਆ।