ਪਟਿਆਲਾ (ਭਗਵਾਨ ਭੰਗੂ) ਨਾਭਾ ਪੁਲਿਸ ਨੇ ਦਵਾਈਆਂ ਦੀ ਦੁਕਾਨ ਮਾਲਕ ਸਮੇਤ ਤਿੰਨ ਵਿਅਕਤੀਆਂ ਨੂੰ 71 ਹਜਾਰ 540 ਨਸ਼ੇ ਦੀ ਗੋਲੀਆਂ ਸਮੇਤ ਕਾਬੂ ਕੀਤਾ ਹੈ। ਐਸ ਐਸ ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਮੁਲਜਮਾਂ ਦੀ ਪਛਾਣ ਕਸ਼ਮੀਰ ਚੰਦ ਵਾਸੀ ਪਿੰਡ ਕਪੂਰਗੜ੍ਹ ਥਾਣਾ ਅਮਲੋਹ, ਕੁਲਦੀਪ ਸਿੰਘ ਉਰਫ ਕੀਪਾ ਵਾਸੀ ਪਿੰਡ ਦੰਦਰਾਲਾ ਢੀਂਡਸਾ ਥਾਣਾ ਭਾਦਸੋਂ, ਹਰਪ੍ਰੀਤ ਸਿੰਘ ਵਾਸੀ ਅਲਹੌਰਾਂ ਗੇਟ ਨਾਭਾ ਵਜੋਂ ਹੋਈ ਹੈ।
ਐਸ ਐਸ ਪੀ ਨੇ ਦੱਸਿਆ ਕਿ ਇੰਸਪੈਕਟਰ ਹੈਰੀ ਬੋਪਾਰਾਏ ਦੀ ਅਗਵਾਈ ਵਿੱਚ ਏ ਐਸ ਆਈ ਬਲਵਿੰਦਰ ਸਿੰਘ ਪੁਲਿਸ ਟੀਮ ਸਮੇਤ ਨਾਭਾ ਦੇ ਮਿਲਟਰੀ ਚੌਂਕ ਤੋਂ ਕਸ਼ਮੀਰ ਚੰਦ, ਕੁਲਦੀਪ ਸਿੰਘ ਉਰਫ ਕੀਪਾ ਨੂੰ ਕਾਬੂ ਕਰਕੇ ਇਹਨਾਂ ਕੋਲੋਂ 1940 ਨਸ਼ੇ ਦੀਆਂ ਗੋਲੀਆ ਕੋਵਿਡੋਲ ਤੇ ਟ੍ਰਮਾਡੋਲ ਬਰਾਮਦ ਕੀਤੀਆਂ। ਡੂੰਘਾਈ ਨਾਲ ਪੁੱਛ ਗਿੱਛ ਦੌਰਾਨ ਮੰਨਿਆ ਕਿ ਉਹ ਨਸ਼ੀਲੀਆਂ ਗੋਲੀਆਂ ਹਰਪ੍ਰੀਤ ਸਿੰਘ ਮਾਲਕ ਗੁਰੂ ਕਿਰਪਾ ਮੈਡੀਕਲ ਹਾਲ ਅਲੌਹਰਾਂ ਗੇਟ ਨਾਭਾ ਤੋਂ ਲੈ ਕੇ ਆਉਂਦੇ ਹਨ, ਮੁਲਜਮਾਂ ਅਨੁਸਾਰ ਦੁਕਾਨ ਮਾਲਕ ਉਹਨਾਂ ਨੂੰ ਗੋਲੀਆਂ ਵੇਚਣ ਲਈ ਪ੍ਰੇਰਿਤ ਕਰਦਾ ਹੈ।ਇੰਸਪੈਕਟਰ ਹੈਰੀ ਬੋਪਾਰਾਏ ਮੁੱਖ ਅਫਸਰ ਥਾਣਾ ਕੋਤਵਾਲੀ ਨਾਭਾ ਸਮੇਤ ਪੁਲਿਸ ਟੀਮ ਅਤੇ ਡਰੱਗਜ ਕੰਟਰੋਲਰ ਅਫਸਰ ਮਨਦੀਪ ਸਿੰਘ ਮਾਨ ਨੇ ਹਰਪ੍ਰੀਤ ਸਿੰਘ ਦੀ ਦੁਕਾਨ ਗੁਰੂ ਕਿਰਪਾ ਮੈਡੀਕਲ ਹਾਲ ਦੀ ਤਲਾਸ਼ੀ ਲਈ ਤਾਂ ਇੱਥੋਂ 2 ਡੱਬੇ ਕੋਵੀਡੋਲ 100 ਤੇ ਟ੍ਰਮਾਡੋਲ ਮਿਲੇ ਜਿਸ ਵਿਚ ਇਕ ਹਜ਼ਾਰ ਗੋਲੀਆਂ ਸਨ।ਐੱਸ ਐੱਸ ਪੀ ਸ਼ਰਮਾ ਅਨੁਸਾਰ ਦੁਕਾਨ ਮਾਲਕ ਹਰਪ੍ਰੀਤ ਸਿੰਘ ਤੋਂ ਡੂੰਘਾਈ ਨਾਲ ਪੁੱਛ ਗਿੱਛ ਦੋਰਾਨੇ ਇਹ ਗੱਲ ਸਾਹਮਣੇ ਆਈ ਕਿ ਉਹ ਕਾਫੀ ਸਮੇਂ ਤੋਂ ਇਹ ਕੰਮ ਕਰ ਰਿਹਾ ਹੈ ਅਤੇ ਉਸ ਨੇ ਕਾਫੀ ਮਾਤਰਾ ਵਿੱਚ ਹੋਰ ਨਸ਼ੀਲੀਆ ਗੋਲੀਆਂ ਆਪਣੇ ਮਕਾਨ ਗਲੀ ਨੰਬਰ: 4 ਡਿਫੈਂਸ ਕਲੋਨੀ ਨਾਭਾ ਵਿੱਚ ਲੁਕਾ ਛੁਪਾ ਕੇ ਰੱਖੀਆ ਹੋਈਆ ਹਨ। ਹਰਪ੍ਰੀਤ ਦੀ ਨਿਸ਼ਾਨ ਦੇਹੀ ਤੇ ਮਾਕਨ ਚੋਂ 139 ਡੁੱਬੇ ਕੋਵਿਡੋਲ 100, ਟ੍ਰਮਾਡੋਲ 100 ਮਿਲੇ, ਜਿਸ ਵਿਚ 69,500 ਨਸ਼ੀਲੀਆ ਗੋਲੀਆ ਬ੍ਰਾਮਦ ਹੋਈਆ। ਜੋ ਉਕਤਾਨ ਦੋਸ਼ੀਆ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਵੀ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।