ਪਟਿਆਲਾ (ਵਿਕਾਸ ਮਠਾੜੂ) ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰ ਦੀ ਪ੍ਰਧਾਨਗੀ ਹੇਠ ਇੱਥੇ ਗੁਰਦੁਆਰਾ ਮਾਲੋਮਜਰਾ ਵਿਖੇ ਹੋਈ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਕੱਤਰ ਗੁਰਬਚਨ ਸਿੰਘ ਸੰਧਨੋਲੀ ਨੇ ਦਸਿਆ ਕਿ ਮੀਟਿੰਗ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਨਾਲ ਸਾਂਝੇ ਤੌਰ ‘ਤੇ ਕੇਂਦਰ ਵਲੋ ਕਣਕ ‘ਤੇ ਲਗਾਏ ਵੈਲਿਊ ਕੱਟ ਦੇ ਖਿਲਾਫ਼ 18 ਅਪ੍ਰਰੈਲ ਨੂੰ ਨਾਭਾ ਵਿਖੇ ਰੇਲਾਂ ਰੋਕਣ ਦਾ ਫ਼ੈਸਲਾ ਕੀਤਾ ਹੈ। ਮੀਟਿੰਗ ‘ਚ ਆਗੂਆਂ ਨੇ ਕਿਹਾ ਕਿ ਕਿਸਾਨ ਪਹਿਲਾਂ ਕਣਕ ਦੇ ਖ਼ਰਾਬੇ ਦੀ ਮਾਰ ਝੱਲ ਰਹੇ ਨੇ ਤੇ ਕਣਕ ਦਾ ਝਾੜ ਬਹੁਤ ਘੱਟ ਨਿੱਕਲਿਆ ਹੈ, ਹੁਣ ਕੇਂਦਰ ਸਰਕਾਰ ਨੇ ਇਹ ਕੱਟ ਲਗਾ ਕੇ ਕਿਸਾਨਾਂ ਨਾਲ ਧੱਕਾ ਕੀਤਾ ਹੈ। ਇਸ ਮੌਕੇ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਣਕ ਦੇ ਭਾਅ ਖਰਾਬ ਦਾਣਿਆਂ ਦੇ ਬਹਾਨੇ 32.5 ਰੁਪਏ ਪ੍ਰਤੀ ਕੁਇੰਟਲ ਦੀ ਕਟੌਤੀ ਰੱਦ ਕੀਤੀ ਜਾਵੇ, ਕਣਕ ਅਤੇ ਹਾੜ੍ਹੀ ਦੀਆਂ ਫ਼ਸਲਾਂ ਦਾ ਗੜ੍ਹੇਮਾਰੀ ਅਤੇ ਬੇਮੌਸਮੀ ਬਾਰਿਸ਼ ਕਾਰਨ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ, ਅਡਾਨੀ ਅਤੇ ਹੋਰ ਕਾਰਪੋਰੇਟ ਘਰਾਣਿਆਂ ਦੇ ਸ਼ੈਲੋਜ (ਅਨਾਜ਼ ਭੰਡਾਰ) ਦੀ ਕਣਕ ਸਪਲਾਈ ਯਕੀਨੀ ਬਣਾਉਣ ਲਈ 250 ਲੋਕ ਮੰਡੀਆਂ ਬੰਦ ਕਰਨ ਦੇ ਸਰਕਾਰੀ ਹੁਕਮ ਰੱਦ ਕੀਤੇ ਜਾਣ, ਸਰਕਾਰੀ ਨੀਤੀਆਂ ਅਤੇ ਕੁਦਰਤੀ ਆਫ਼ਤਾਂ ਕਾਰਨ ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ਿਆਂ ‘ਤੇ ਲੀਕ ਮਾਰੀ ਜਾਵੇ ਅਤੇ ਪੰਜਾਬ ਅੰਦਰ ਪੈਦਾ ਕੀਤੇ ਜਾ ਰਹੇ ਸਰਕਾਰੀ ਦਹਿਸ਼ਤ ਦੇ ਮਾਹੌਲ ਖ਼ਤਮ ਕੀਤਾ ਜਾਵੇ। ਇਸ ਮੌਕੇ ਸੂਬਾ ਪ੍ਰਰੈਸ ਸਕੱਤਰ ਜਰਨੈਲ ਸਿੰਘ ਕਾਲੇਕੇ, ਸੂਬਾ ਕਮੇਟੀ ਮੈਂਬਰ ਸਤਵੰਤ ਸਿੰਘ ਵਜੀਦਪੁਰ, ਸੁਰਿੰਦਰ ਸਿੰਘ ਕਕਰਾਲਾ, ਇੰਦਰਮੋਹਨ ਘੂਮਾਣਾ, ਬਬਲੀ ਰੰਨੋ, ਬਲਜਿੰਦਰ ਸਿੰਘ ਢੀਂਡਸਾ, ਪਵਨ ਪਸਿਆਣਾ, ਗੁਰਨਾਮ ਸਿੰਘ ਢੈਂਠਲ, ਯਾਦਵਿੰਦਰ ਸਿੰਘ ਕੂਕਾ, ਵਿਕਰਮਜੀਤ ਸਿੰਘ ਅਰਨੋ, ਭਾਗ ਸਿੰਘ ਫਤਹਿਪੁਰ ਤੇ ਗੁਰਤੇਜ ਸਿੰਘ ਸੌਧੇਵਾਲਾ ਆਦਿ ਹਾਜ਼ਰ ਸਨ।