ਜਗਰਾਉਂ, 16 ਅਪ੍ਰੈਲ ( ਵਿਕਾਸ ਮਠਾੜੂ)-ਜੀ.ਐਂਚ.ਜੀ. ਅਕੈਡਮੀ ਜਗਰਾਉ ਵਿਖੇ ਸੇਂਟ ਸੋਲਜਰ ਇੰਟਰਨੈਸ਼ਨਲ ਕਾਨਵੈਂਟ ਸਕੂਲ ਮੁਹਾਲੀ ਦੇ ਪ੍ਰਿੰਸੀਪਲ ਅੰਜਲੀ ਸ਼ਰਮਾ ਅਤੇ ਗੁਰੂ ਨਾਨਕ ਪਬਲਿਕ ਸਕੂਲ ਲੁਧਿਆਣਾ ਦੇ ਪ੍ਰਿੰਸੀਪਲ ਗੁਰਭੇਜ ਸਿੰਘ ਨਾਗੀ ਵਲੋਂ ‘ਲਾਈਫ਼ ਸਕਿਲਜ਼’ ਉੱਪਰ ਅਧਾਰਿਤ ਅਧਿਆਪਕਾਂ ਲਈ ਸੀ.ਬੀ.ਐਸ.ਈ. ਦੀ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਵਿੱਚ ਉਨ੍ਹਾਂ ਨੇ ਅਧਿਆਪਕਾਂ ਨੂੰ ਵੱਖ-ਵੱਖ ‘ਲਾਈਫ਼ ਸਕਿਲਜ਼’ ਬਾਰੇ ਜਾਣਕਾਰੀ ਦਿੱਤੀ ਅਤੇ ਜ਼ਿੰਦਗੀ ਵਿਚ ਉਨ੍ਹਾਂ ਦੀ ਮਹੱਤਤਾ ਬਾਰੇ ਦੱਸਿਆ। ਅਧਿਆਪਕਾਂ ਨੂੰ ਵਿਦਿਆਰਥੀਆਂ ਅੰਦਰ ਪੜਾਈ ਦੇ ਨਾਲ-ਨਾਲ ‘ਲਾਈਫ਼ ਸਕਿਲਜ਼’ ਪੈਦਾ ਕਰਨ ਬਾਰੇ ਪ੍ਰੇਰਿਤ ਕੀਤਾ। ਉਹਨਾਂ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਹਰ ਵਿਦਿਆਰਥੀ ਅੰਦਰ ਸੋਚਣ ਕੋਸ਼ਲਤਾ(thinking skills), ਸਮਾਜਿਕ ਕੋਸ਼ਲਤਾ (social skills) ਅਤੇ ਭਾਵਨਾਤਮਕ ਕੋਸ਼ਲਤਾ (emotional skills) ਪੈਦਾ ਹੋ ਜਾਣ ਤਾਂ ਉਹ ਸਮਾਜ ਵਿਚ ਇਕ ਪ੍ਰਭਾਵਸ਼ਾਲੀ ਸ਼ਖ਼ਸੀਅਤ ਬਣ ਕੇ ਸਾਹਮਣੇ ਆ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਅੰਦਰ ਜ਼ਿੰਦਗੀ ਦੀਆਂ ਕੋਸ਼ਲਤਾਵਾਂ (ਲਾਈਫ਼ ਸਕਿਲਜ਼) ਪੈਦਾ ਕਰਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ। ਉਹਨਾਂ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਅੰਦਰ ਲਾਈਫ਼ ਸਕਿਲਜ਼ ਉਜਾਗਰ ਕਰਨ ਦੇ ਵੱਖ-ਵੱਖ ਢੰਗਾਂ ਨੂੰ ਬਹੁਤ ਹੀ ਸੁਚੱਜੇ ਅਤੇ ਰੌਚਕ ਢੰਗ ਨਾਲ ਸਮਝਾਇਆ। ਇਸ ਸਬੰਧ ਵਿਚ ਉਨ੍ਹਾਂ ਨੇ ਅਧਿਆਪਕਾਂ ਨੂੰ ਵੱਖ-ਵੱਖ ਗਤੀਵਿਧੀਆਂ ਕਰਵਾਈਆਂ।ਅੱਜ ਦੇ ਇਸ ਸੀ.ਬੀ.ਐਸ.ਈ. ਦੀ ਇਸ ਵਰਕਸ਼ਾਪ ਵਿੱਚ ਜੀ.ਐਂਚ.ਜੀ. ਸਕੂਲ ਖੰਡੂਰ, ਸੈਕਰਡ ਹਾਰਟ ਸਕੂਲ ਜਗਰਾਉਂ ਅਤੇ ਸੱਤਿਆ ਭਾਰਤੀ ਸਕੂਲ ਸ਼ੇਰਪੁਰ ਦੇ ਅਧਿਆਪਕਾਂ ਨੇ ਵੀ ਹਿੱਸਾ ਲਿਆ। ਸਕੂਲ ਦੇ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਨੇ ਆਏ ਹੋਏ ਰਿਸੋਰਸ ਪਰਸਨਜ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸੈਮੀਨਾਰ ਅਧਿਆਪਕਾਂ ਲਈ ਬਹੁਤ ਜ਼ਰੂਰੀ ਹਨ। ਇਨ੍ਹਾਂ ਨਾਲ ਅਧਿਆਪਕਾਂ ਨੂੰ ਪੜ੍ਹਾਈ ਦੇ ਨਵੇਂ-ਨਵੇਂ ਢੰਗਾਂ ਬਾਰੇ ਜਾਣਕਾਰੀ ਮਿਲਦੀ ਹੈ ਅਤੇ ਉਹਨਾਂ ਨੂੰ ਵਿਦਿਆਰਥੀਆਂ ਨੂੰ ਸਮਝਣ ਅਤੇ ਉਨ੍ਹਾਂ ਨੂੰ ਆਧੁਨਿਕ ਤਰੀਕੇ ਨਾਲ ਪੜ੍ਹਾਉਣ ਵਿੱਚ ਬਹੁਤ ਸਹਾਇਕ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਜੀ.ਐਂਚ.ਜੀ. ਅਕੈਡਮੀ ਜਗਰਾਉ ਵਿਚ, ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਅਜਿਹੇ ਸੈਮੀਨਾਰਾਂ ਦਾ ਆਯੋਜਨ ਕੀਤਾ ਜਾਂਦਾ ਰਹੇਗਾ।