ਜਗਰਾਓਂ, 16 ਅਪ੍ਰੈਲ ( ਬੌਬੀ ਸਹਿਜਲ, ਧਰਮਿੰਦਰ )-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਧੀਨ ਵੱਖ-ਵੱਖ ਪੁਲਿਸ ਪਾਰਟੀਆਂ ਨੇ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 257 ਗ੍ਰਾਮ ਹੈਰੋਇਨ ਅਤੇ 143 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ। ਸੀਆਈਏ ਸਟਾਫ਼ ਦੇ ਸਬ ਇੰਸਪੈਕਟਰ ਅੰਗਰੇਜ ਸਿੰਘ ਨੇ ਦੱਸਿਆ ਕਿ ਏਐਸਆਈ ਬਲਵਿੰਦਰ ਸਿੰਘ ਸਮੇਤ ਪੁਲੀਸ ਪਾਰਟੀ ਚੈਕਿੰਗ ਲਈ ਅਲੀਗੜ੍ਹ ਚੌਕ ਵਿੱਚ ਮੌਜੂਦ ਸੀ। ਉਥੇ ਇਤਲਾਹ ਮਿਲੀ ਕਿ ਬੂਟਾ ਸਿੰਘ ਵਾਸੀ ਗੁਰੂ ਦਾ ਭੱਠਾ ਜਗਰਾਉਂ, ਜੋ ਕਿ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ। ਉਹ ਹੈਰੋਇਨ ਵੇਚਣ ਲਈ ਡਰੇਨ ਪੁਲ ਕੋਠੇ ਖੰਜੂਰਾ ਰੋਡ ਨੇੜੇ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਇਸ ਸੂਚਨਾ ’ਤੇ ਛਾਪਾ ਮਾਰੀ ਕਰਕੇ ਬੂਟਾ ਸਿੰਘ ਨੂੰ ਪੁਲਸ ਨੇ 257 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲੀਸ ਚੌਕੀ ਜਲਾਲਦੀਵਾਲ ਦੇ ਇੰਚਾਰਜ ਸਬ-ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੇਨ ਚੌਕ ਜਲਾਲਦੀਵਾਲ ਵਿਖੇ ਚੈਕਿੰਗ ਲਈ ਮੌਜੂਦ ਸੀ। ਇਸ ਮੌਕੇ ਸੂਚਨਾ ਮਿਲੀ ਕਿ ਮਨਪ੍ਰੀਤ ਸਿੰਘ ਉਰਫ਼ ਮਨੀ ਵਾਸੀ ਸ਼ਾਹਜਹਾਨਪੁਰ ਥਾਣਾ ਸਦਰ ਰਾਏਕੋਟ ਆਪਣੇ ਘਰ ਦੇ ਪਿੱਛੇ ਅਤੇ ਬੱਸ ਸਟੈਂਡ ਸ਼ਾਹਜਹਾਨਪੁਰ ਦੇ ਸਾਹਮਣੇ ਖਾਲੀ ਪਲਾਟ ਵਿਚ ਝਾੜੀਆਂ ਵਿੱਚ ਸ਼ਰਾਬ ਦੀਆਂ ਪੇਟੀਆਂ ਛੁਪਾ ਕੇ ਗਾਹਕਾਂ ਨੂੰ ਸਪਲਾਈ ਕਰਦਾ ਹੈ। ਇਸ ਸੂਚਨਾ ’ਤੇ ਪੁਲਸ ਪਾਰਟੀ ਨੇ ਛਾਪਾ ਮਾਰ ਕੇ 108 ਬੋਤਲਾਂ ਸ਼ਰਾਬ 999 ਪਾਵਰ ਸਟਾਰ ਫਾਈਨ ਵਿਸਕੀ ਅਤੇ 60 ਬੋਤਲਾਂ ਸ਼ਰਾਬ ਐਂਪਾਇਰ ਨੰਬਰ ਇਕ ਦੀਆਂ ਬਰਾਮਦ ਕੀਤੀਆਂ। ਸ਼ਾਹਜਹਾਨਪੁਰ ਨਿਵਾਸੀ ਮਨਪ੍ਰੀਤ ਸਿੰਘ ਉਰਫ ਮਨੀ ਨੂੰ ਮੌਕੇ ’ਤੇ ਹੀ ਗ੍ਰਿਫਤਾਰ ਕਰ ਲਿਆ ਗਿਆ। ਥਾਣਾ ਸਿੱਧਵਾਂਬੇਟ ਦੇ ਏਐਸਆਈ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਚੌਕ ਭੂੰਦੜੀ ਵਿਖੇ ਚੈਕਿੰਗ ਲਈ ਮੌਜੂਦ ਸਨ। ਉੱਥੇ ਹੀ ਇਤਲਾਹ ਮਿਲੀ ਕਿ ਪਿੰਡ ਕੋਟਲੀ ਕੁਲ ਹਹਿਣਾ ਦੀ ਰਹਿਣ ਵਾਲੀ ਮਨਜੀਤ ਕੌਰ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦੀ ਹੈ। ਜੋ ਕਿ ਪਲਾਸਟਿਕ ਦੀ ਕੇਨੀ ਵਿੱਚ ਨਜਾਇਜ਼ ਸ਼ਰਾਬ ਲਈ ਆਪਣੇ ਘਰ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਇਸ ਸੂਚਨਾ ’ਤੇ ਛਾਪਾ ਮਾਰ ਕੇ ਮਨਜੀਤ ਕੌਰ ਨੂੰ 35 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ।