ਸੁਨਾਮ (ਭੰਗੂ) ਸੁਨਾਮ ਸ਼ਹਿਰ ਦੀ ਗੀਤਾ ਭਵਨ ਰੋਡ ’ਤੇ ਕੁੱਝ ਵਿਅਕਤੀਆਂ ਵੱਲੋਂ ਕਥਿਤ ਤੌਰ ਤੇ ਕੀਤੇ ਜਾ ਰਹੇ ਨਾਜਾਇਜ਼ ਕਬਜ਼ੇ ਨੂੰ ਰੋਕਣ ਲਈ ਪੁੱਜੇ ਨਗਰ ਕੌਂਸਲ ਮੁਲਾਜ਼ਮਾਂ ਦੀ ਟੀਮ ’ਤੇ ਹਮਲਾ ਕਰ ਦਿੱਤਾ ਗਿਆ। ਹਮਲੇ ਵਿੱਚ ਦੋ ਮੁਲਾਜ਼ਮ ਅਜੇ ਕੁਮਾਰ ਅਤੇ ਸ਼ਿਵ ਕੁਮਾਰ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਨਜਾਇਜ਼ ਕਬਜ਼ਾ ਕਰਨ ਵਾਲਿਆਂ ਵੱਲੋਂ ਕੌਂਸਲ ਮੁਲਾਜ਼ਮਾਂ ਤੇ ਹਮਲਾ ਕਰਨ ਦੇ ਰੋਸ ਵਜੋਂ ਮੰਗਲਵਾਰ ਨੂੰ ਦਫ਼ਤਰੀ ਬਾਬੂਆਂ ਅਤੇ ਸਫ਼ਈ ਸੇਵਕਾਂ ਨੇ ਕੌਂਸਲ ਦਫ਼ਤਰ ਅੱਗੇ ਧਰਨਾ ਦੇਕੇ ਕਥਿਤ ਦੋਸ਼ੀਆਂ ਖਿਲਾਫ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
ਉਕਤ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੀ ਨਕਸ਼ਾ ਸ਼ਾਖਾ ਦੇ ਮੁਲਾਜ਼ਮ ਸਤਪਾਲ ਸੱਤੀ ਨੇ ਦੱਸਿਆ ਕਿ ਸੋਮਵਾਰ ਰਾਤ ਨੂੰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਦੇ ਜ਼ੁਬਾਨੀ ਹੁਕਮਾਂ ’ਤੇ ਉਹ ਚਾਰ ਹੋਰ ਮੁਲਾਜ਼ਮਾਂ ਨੂੰ ਨਾਲ ਲੈ ਕੇ ਨਾਜਾਇਜ਼ ਉਸਾਰੀ ਨੂੰ ਰੋਕਣ ਲਈ ਮੌਕੇ ’ਤੇ ਪੁੱਜੇ। ਗੀਤਾ ਭਵਨ ਰੋਡ ‘ਤੇ ਦਰਜਨਾਂ ਲੋਕ ਨਾਜਾਇਜ਼ ਉਸਾਰੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਵਾਰ-ਵਾਰ ਰੋਕੇ ਜਾਣ ਦੇ ਬਾਵਜੂਦ ਉਨ੍ਹਾਂ ਨੇ ਨਾਜਾਇਜ਼ ਉਸਾਰੀ ਜਾਰੀ ਰੱਖੀ। ਨਜਾਇਜ਼ ਉਸਾਰੀ ਨਾ ਰੁਕਣ ’ਤੇ ਇਸ ਦੀ ਸੂਚਨਾ ਨਗਰ ਕੌਂਸਲ ਸੁਨਾਮ ਦੇ ਕਾਰਜਸਾਧਕ ਅਫਸਰ ਅੰਮ੍ਰਿਤ ਕੁਮਾਰ ਨੂੰ ਦਿੱਤੀ ਗਈ, ਜੋ ਪੁਲਿਸ ਪ੍ਰਸ਼ਾਸਨ ਸਮੇਤ ਮੌਕੇ ’ਤੇ ਪੁੱਜੇ ਫਿਰ ਵੀ ਉਨ੍ਹਾਂ ਨੇ ਨਾਜਾਇਜ਼ ਉਸਾਰੀ ਦਾ ਕੰਮ ਜਾਰੀ ਰੱਖਿਆ ਅਤੇ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਸ ਦੌਰਾਨ ਕੁੱਝ ਵਿਅਕਤੀਆਂ ਨੇ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਵਿੱਚ ਦਫ਼ਤਰ ਦਾ ਆਊਟਸੋਰਸ ਮੁਲਾਜ਼ਮ ਅਜੇ ਕੁਮਾਰ ਅਤੇ ਸਫ਼ਾਈ ਸੇਵਕ ਸ਼ਿਵ ਕੁਮਾਰ ਜ਼ਖ਼ਮੀ ਹੋ ਗਏ। ਜਿਸ ਨੂੰ ਅਸੀਂ ਤੁਰੰਤ ਹਸਪਤਾਲ ਦਾਖਲ ਕਰਵਾਇਆ।