ਪਟਿਆਲਾ (ਧਰਮਿੰਦਰ ) ਪੰਜਾਬ ਸਟੇਟ ਕਰਮਚਾਰੀ ਦਲ ਪੰਜਾਬ ਦੇ ਸੂਬਾਈ ਪ੍ਰਧਾਨ ਹਰੀ ਸਿੰਘ ਟੌਹੜਾ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਆਗੂਆਂ ਨੇ ਪੰਜਾਬ ਦੇ ਸਰਕਾਰੀ ਅਤੇ ਅਰਧ-ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਲੰਬੇ ਅਰਸੇ ਤੋਂ ਲਮਕ ਅਵਸਥਾ ‘ਚ ਪਈਆਂ ਮੰਗਾਂ ਦਾ ਮੰਗ ਪੱਤਰ ਏਡੀਸੀ ਪਟਿਆਲਾ ਗੁਰਪ੍ਰਰੀਤ ਸਿੰਘ ਥਿੰਦ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ। ਜਿਸ ‘ਚ 36 ਹਜ਼ਾਰ ਕਾਮਿਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦਾ ਜੋ ਬਿੱਲ ਪਾਸ ਕੀਤਾ ਗਿਆ ਸੀ, ਉਨ੍ਹਾਂ ਦਿਹਾੜੀਦਾਰ, ਵਰਕਚਾਰਜ ਅਤੇ ਠੇਕੇਦਾਰ ਰਾਹੀ ਕੰਮ ਕਰਦੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਪੰਜਾਬ ਦੇ ਪੈਨਸ਼ਨਰਾਂ ਨੂੰ ਛੇਵੇਂ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ 2.59 ਦੇ ਫਾਰਮੂਲੇ ਨਾਲ ਗੁਣਾਂਕ ਕਰ ਕੇ ਪੈਨਸ਼ਨ ਫਿਕਸ ਕੀਤੀ ਜਾਵੇ, ਮੁਲਾਜ਼ਮਾਂ ਦੇ ਬੰਦ ਕੀਤੇ ਭੱਤਿਆ ਨੂੰ ਮੁੜ ਬਹਾਲ ਕੀਤਾ ਜਾਵੇ, ਘੱਟੋ ਘੱਟ ਉਜ਼ਰਤਾ ‘ਚ ਵਾਧਾ ਕੀਤਾ ਜਾਵੇ, ਮੈਡੀਕਲ ਭੱਤੇ ‘ਚ ਮਹਿੰਗਾਈ ਦੇ ਅੰਕੜਿਆਂ ਅਨੁਸਾਰ ਵਾਧਾ ਕੀਤਾ ਜਾਵੇ, ਵੱਖ-ਵੱਖ ਵਿਭਾਗਾਂ ਦਾ ਪੁਨਰਗਠਨ ਦਾ ਬਹਾਨਾ ਬਣਾ ਕੇ ਵੱਖ-ਵੱਖ ਵਰਗਾਂ ਦੀਆਂ ਅਸਾਮੀਆਂ ਨੂੰ ਖਤਮ ਕੀਤਾ ਗਿਆ ਹੈ, ਉਨ੍ਹਾਂ ਆਸਾਮੀਆਂ ਨੂੰ ਮੁੜ ਬਹਾਲ ਕਰਨ ਤੋਂ ਇਲਾਵਾ ਹੋਰ ਅਹਿਮ ਮੰਗਾਂ ਦਾ ਜ਼ਿਕਰ ਕੀਤਾ ਗਿਆ। ਇਸ ਮੌਕੇ ਸਤਪਾਲ ਸਿੰਘ ਖਾਨਪੁਰ, ਰਾਕੇਸ਼ ਬਾਤਿਸ, ਬੰਤ ਸਿੰਘ ਦੌਲਤਪੁਰ, ਕਰਨੈਲ ਸਿੰਘ ਰਾਈ, ਗੁਰਬਖਸ ਸਿੰਘ, ਰਾਕੇਸ਼ ਮਨੀ ਤੇ ਚਰਨਜੀਤ ਸਿੰਘ ਆਦਿ ਹਾਜ਼ਰ ਸਨ।