ਅੰਮ੍ਰਿਤਸਰ 4 ਮਈ (ਰਾਜੇਸ਼ ਜੈਨ) : ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਸਿਹਤਮੰਦ ਤੇ ਖੁਸ਼ਹਾਲ ਪੰਜਾਬ ਦੀ ਸਿਰਜਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ‘ਸੀ.ਐਮ. ਦੀ ਯੋਗਸ਼ਾਲਾ’ ਨੂੰ ਸ਼ਹਿਰ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਹੁਣ ਤੱਕ ਸ਼ਹਿਰ ਵਿਚ 22 ਵੱਖ-ਵੱਖ ਸਥਾਨਾਂ ਉਤੇ ਯੋਗਸ਼ਾਲਾ ਰਾਹੀਂ ਲੋਕਾਂ ਨੂੰ ਯੋਗ ਸਿਖਲਾਈ ਦਿੱਤੀ ਜਾ ਰਹੀ ਹੈ।ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਅਮਨਦੀਪ ਕੌਰ ਨੇ ਦੱਸਿਆ ਕਿ ਇੰਨ੍ਹਾਂ ਯੋਗਸ਼ਾਲਾਵਾਂ ਵਿਚ ਸਿਖਲਾਈਯਾਫਤਾ ਯੋਗਾ ਮਾਹਿਰ ਖੁੱਲ੍ਹੇ ਪਾਰਕਾਂ ਅਤੇ ਹੋਰ ਜਨਤਕ ਥਾਵਾਂ ਵਿਚ ਲੋਕਾਂ ਨੂੰ ਮੁਫਤ ਯੋਗਾ ਸਿਖਲਾਈ ਦੇ ਰਹੇ ਹਨ।ਉਨਾਂ ਦੱਸਿਆ ਕਿ ਇਸ ਵੇਲੇ ਸ੍ਰੀ ਗੁਰੂ ਰਾਮਦਾਸ ਅਰਬਨ ਅਸਟੇਟ, ਸਹਿਜ਼ ਇੰਨਕਲੇਵ, ਰਣਜੀਤ ਐਵੀਨਿਊ ਹਾਊਸਿੰਗ ਬੋਰਡ ਕਾਲੋਨੀ, ਐਸ ਜੀ ਇੰਨਕਲੇਵ, ਵੀਰ ਗਾਰਡਨ, ਆਂਸਲ ਟਾਵਰ, ਅਲਫਾ ਇੰਟਰਨੈਸ਼ਲ ਸਿਟੀ, ਇੰਟਰਨੈਸ਼ਲਲ ਸਿਟੀ, ਦੇਵੀ ਪਾਰਕ, ਗਣੇਸ਼ ਮੰਦਿਰ, ਅਨਮੋਲ ਐਨਕਲੇਵ, ਬਾਬਾ ਦੀਪ ਸਿੰਘ ਪਾਰਕ, ਬਾਬਾ ਬੁੱਢਾ ਜੀ ਪਾਰਕ, ਸੀ:ਪੀ ਪਾਰਕ, ਕੋਟ ਖਾਲਸਾ, ਕਿਰਪਾ ਨਗਰ, ਕਬੀਰ ਪਾਰਕ, ਜੁਝਾਰ ਐਨਕਲੇਵ, ਸਵਾਮੀ ਦਯਾਨੰਦ ਪਾਰਕ, ਕੰਪਨੀ ਬਾਗ, ਸ਼ਿਵਾਜੀ ਪਾਰਕ ਵਿਚ ਸਵੇਰੇ 6 ਤੋਂ 7 ਵਜੇ ਤੱਕ ਯੋਗਾ ਕਲਾਸ ਲੱਗ ਰਹੀ ਹੈ। ਇਸ ਤੋਂ ਇਲਾਵਾ ਐਰੋ ਸਿਟੀ ਅਤੇ ਡਰੀਮ ਸਿਟੀ ਵਿਚ ਸਵੇਰੇ 7 ਵਜੇ ਤੋਂ 8 ਵਜੇ ਤੱਕ ਯੋਗਸ਼ਾਲਾ ਲੱਗਦੀ ਹੈ, ਜਦਕਿ ਬਲਿਊ ਇਨਕਲੇਵ ਵਿਚ ਸਵੇਰੇ 5 ਤੋਂ 6 ਵਜੇ ਤੱਕ ਯੋਗਸ਼ਾਲਾ ਲਗਾਈ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਤਨ-ਮਨ ਦੀ ਤੰਦਰੁਸਤੀ ਲਈ ਯੋਗਾ ਨੂੰ ਰੋਜ਼ਾਨਾ ਜਿੰਦਗੀ ਵਿਚ ਹਿੱਸਾ ਬਣਾਉਣਾ ਚਾਹੀਦਾ ਹੈ ਅਤੇ ‘ਸੀ.ਐਮ. ਦੀ ਯੋਗਸ਼ਾਲਾ’ ਲੋਕਾਂ ਨੂੰ ਯੋਗਾ ਰਾਹੀਂ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਲਈ ਜਾਗਰੂਕਤਾ ਪੈਦਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਵਧੀਕ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਮੁਫ਼ਤ ਵਿੱਚ ਯੋਗ ਸਿਖਲਾਈ ਲੈਣ ਲਈ ਟੋਲ ਫਰੀ ਨੰਬਰ 76694-00500 ਜਾਂ ਵੈਬਸਾਈਟ https://cmdiyogshala.punjab.gov.in ਉਤੇ ਲਾਗਇਨ ਕਰਨ ਦੀ ਅਪੀਲ ਕਰਦਿਆਂ ਸੀ.ਐਮ. ਦੀ ਯੋਗਸ਼ਾਲਾ ਨੂੰ ਪੰਜਾਬੀਆਂ ਦੀ ਸਿਹਤ ਲਈ ਵਰਦਾਨ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜਿੱਥੇ ਵੀ 25 ਲੋਕ ਇਕੱਠੇ ਹੋਕੇ ਯੋਗਾ ਕਰਨ ਲਈ ਤਿਆਰ ਹੋਣਗੇ, ਉਨ੍ਹਾਂ ਦੀ ਮੰਗ ਮੁਤਾਬਕ ਸੀ.ਐਮ. ਦੀ ਯੋਗਸ਼ਾਲਾ ਖੋਲ੍ਹਕੇ ਦਿੰਦਿਆਂ ਮੁਫ਼ਤ ‘ਚ ਯੋਗਾ ਟ੍ਰੇਨਰ ਪ੍ਰਦਾਨ ਕੀਤੇ ਜਾਣਗੇ।