ਸੁਧਾਰ, 5 ਮਈ ( ਲਿਕੇਸ਼ ਸ਼ਰਮਾਂ, ਮੋਹਿਤ ਜੈਨ )-ਸ਼ਰਾਬ ਦੇ ਠੇਕੇ ਤੋਂ ਇਕ ਦਿਨ ਦੀ ਸੇਲ ਅਤੇ ਗੱਲੇ ਵਿਚ ਪਈ ਨਗਦੀ ਠੇਕੇ ਤੇ ਰੱਖਿਆ ਹੋਇਆ ਸੇਲ ਮੈਨ ਹੀ ਚੁਰਾ ਕੇ ਲੈ ਗਿਆ। ਇਸ ਸਬੰਧੀ ਥਾਣਾ ਸੁਧਾਰ ਵਿੱਚ ਸੇਲਮੈਨ ਅਤੇ ਉਸ ਦੇ ਲੜਕੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਏਐਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਗੋਰਵ ਵਰਮਾ ਵਾਸੀ ਅੰਗਦ ਦੇਵ ਕਲੋਨੀ ਲੁਧਿਆਣਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਬਜਾਜ ਐਂਡ ਕੰਪਨੀ ਦੇ ਸ਼ਰਾਬ ਦੇ ਠੇਕੇ ’ਤੇ ਪੱਖੋਵਾਲ ਦਾ ਸਰਕਲ ਇੰਚਾਰਜ ਹੈ। ਉਹ ਕੰਪਨੀ ਦੇ ਦੇਸੀ ਅੰਗਰੇਜ਼ੀ ਠੇਕਿਆਂ ਦੇ ਕੈਸ਼ ਦੀ ਦੇਖਭਾਲ ਕਰਦਾ ਹੈ। ਬਲਦੇਵ ਸਿੰਘ ਵਾਸੀ ਬਸੰਤ ਨਗਰ ਲੁਧਿਆਣਾ ਕਰੀਬ ਢਾਈ ਸਾਲਾਂ ਤੋਂ ਬਜਾਜ ਕੰਪਨੀ ਵਿੱਚ ਬਤੌਰ ਸੈਲ ਮੈਨ ਕੰਮ ਕਰ ਰਿਹਾ ਸੀ, ਜੋ ਅੱਜ ਕੱਲ੍ਹ ਪੱਖੋਵਾਲ ਬਾਜ਼ਾਰ ਸ਼ਰਾਬ ਦੇ ਠੇਕੇ ’ਤੇ ਸੈਲ ਮੈਨ ਦੀ ਡਿਊਟੀ ਕਰ ਰਿਹਾ ਸੀ। ਉਸ ਨੂੰ 30 ਅਪਰੈਲ ਨੂੰ ਰਾਤ 9 ਵਜੇ ਪੱਖੋਵਾਲ ਬਾਜ਼ਾਰ ਨੇੜੇ ਸ਼ਰਾਬ ਦੇ ਠੇਕੇ ਦਾ ਅਹਾਤਾ ਚਲਾਉਣ ਵਾਲੇ ਕੇਸ਼ਵ ਪਾਂਡੇ ਦਾ ਫੋਨ ਆਇਆ ਕਿ ਤੁਹਾਡਾ ਸੈੱਲ ਮੈਨ ਬਲਦੇਵ ਸਿੰਘ ਮੋਟਰਸਾਈਕਲ ’ਤੇ ਕਿਸੇ ਨਾਲ ਦੁਕਾਨ ਦੇ ਸਾਹਮਣੇ ਵਾਲੇ ਗੇਟ ਨੂੰ ਜਿੰਦਾ ਲਾ ਕੇ ਚਲਾ ਗਿਆ ਹੈ। ਠੇਕੇ ਦੇ ਸਾਹਮਣੇ ਲੋਕਾਂ ਦੀ ਭੀੜ। ਜਿਸ ’ਤੇ ਮੈਂ ਆਪਣੇ ਸਟਾਫ ਦੇ ਚੈਕਿੰਗ ਇੰਚਾਰਜ ਭੁਪਿੰਦਰ ਸਿੰਘ ਨੂੰ ਨਾਲ ਲੈ ਕੇ ਪੱਖੋਵਾਲ ਬਾਜ਼ਾਰ ਸ਼ਰਾਬ ਦੇ ਠੇਕੇ ’ਤੇ ਪਹੁੰਚਿਆ ਤਾਂ ਦੇਖਿਆ ਕਿ ਦੁਕਾਨ ਦਾ ਸ਼ਟਰ ਖੁੱਲ੍ਹਾ ਸੀ ਅਤੇ ਜਾਲੀ ਵਾਲੇ ਗੇਟ ਨੂੰ ਤਾਲਾ ਲੱਗਾ ਹੋਇਆ ਸੀ। ਜਦੋਂ ਅਸੀਂ ਤਾਲਾ ਤੋੜ ਕੇ ਅੰਦਰ ਜਾ ਕੇ ਦੇਖਿਆ ਤਾਂ ਦੁਕਾਨ ਦਾ ਗੱਲਾ ਖਾਲੀ ਪਿਆ ਸੀ ਅਤੇ ਉਸ ਵੱਲੋਂ ਠੇਕੇ ਤੇ ਕੀਤੀ ਗਈ ਸੇਲ ਦਾ ਕਰੀਬ 85 ਹਜ਼ਾਰ ਰੁਪਏ ਅਤੇ 30 ਹਜਾਰ ਹੋਰ ਸਾਮਾਨ ਦੀ ਵਿਕਰੀ ਦੇ ਪੈਸੇ , ਕੁੱਲ 1 ਲੱਖ 15 ਹਜ਼ਾਰ ਰੁਪਏ ਦੀ ਨਗਦੀ ਗੱਲੇ ਵਿਚ ਨਹੀਂ ਸਨ। ਇਸ ਸਬੰਧੀ ਕੀਤੀ ਗਈ ਤਫ਼ਤੀਸ਼ ਵਿੱਚ ਸਾਹਮਣੇ ਆਇਆ ਕਿ ਪਹਿਲਾਂ ਤੋਂ ਬਣਾਈ ਗਈ ਯੋਜਨਾ ਅਨੁਸਾਰ ਬਲਦੇਵ ਸਿੰਘ ਨੇ ਆਪਣੇ ਲੜਕੇ ਹੈਪੀ ਨੂੰ ਪੱਖੋਵਾਲ ਬੁਲਾ ਕੇ ਸ਼ਰਾਬ ਦੇ ਠੇਕੇ ਤੋਂ ਪੈਸੇ ਚੋਰੀ ਕਰ ਲਏ ਅਤੇ ਆਪਣੇ ਲੜਕੇ ਨਾ ਮੋਟਰਸਾਈਕਲ ’ਤੇ ਫ਼ਰਾਰ ਹੋ ਗਿਆ। ਗੌਰਵ ਵਰਮਾ ਦੀ ਸ਼ਿਕਾਇਤ ’ਤੇ ਬਲਦੇਵ ਸਿੰਘ ਅਤੇ ਉਸ ਦੇ ਲੜਕੇ ਹੈਪੀ ਵਾਸੀ ਬਸੰਤ ਨਗਰ, ਲੁਧਿਆਣਾ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।