ਹਠੂਰ, 5 ਮਈ ( ਬੌਬੀ ਸਹਿਜਲ, ਧਰਮਿੰਦਰ )-ਥਾਣਾ ਹਠੂਰ ਅਤੇ ਥਾਣਾ ਸਿੱਧਵਾਂਬੇਟ ਦੀ ਪੁਲਿਸ ਪਾਰਟੀਆਂ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 1 ਕਿਲੋ 750 ਗ੍ਰਾਮ ਅਫ਼ੀਮ ਬਰਾਮਦ ਕੀਤੀ ਹੈ। ਜਦੋਂਕਿ ਥਾਣਾ ਸਿੱਧਵਾਂਬੇਟ ਵਿੱਚ ਜ਼ਿਲ੍ਹਾ ਲੁਧਿਆਣਾ ਦੇਹਾਤੀ ਵਿੱਚ ਤਾਇਨਾਤ ਸਾਬਕਾ ਕਾਂਸਟੇਬਲ ਕੁਲਦੀਪ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਜਿਸ ਖ਼ਿਲਾਫ਼ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਕੇਸ ਦਰਜ ਹਨ। ਥਾਣਾ ਹਠੂਰ ਤੋਂ ਸਬ-ਇੰਸਪੈਕਟਰ ਕਮਲਦੀਪ ਕੌਰ ਨੇ ਦੱਸਿਆ ਕਿ ਏਐਸਆਈ ਰਛਪਾਲ ਸਿੰਘ ਸਮੇਤ ਪੁਲਸ ਪਾਰਟੀ ਹਠੂਰ ਦੇ ਬੱਸ ਸਟੈਂਡ ’ਤੇ ਚੈਕਿੰਗ ਲਈ ਮੌਜੂਦ ਸੀ। ਉਥੇ ਇਤਲਾਹ ਮਿਲੀ ਕਿ ਅਜਮੇਰ ਸਿੰਘ ਉਰਫ ਭੋਲਾ ਵਾਸੀ ਪਿੰਡ ਫੇਰੂਰਾਈ ਅਫੀਮ ਵੇਚਣ ਦਾ ਧੰਦਾ ਕਰਦਾ ਹੈ। ਜੋ ਸਕਾਰਪੀਓ ਕਾਰ ਵਿੱਚ ਸਵਾਰ ਹੋ ਕੇ ਆਪਣੇ ਗ੍ਰਾਹਕਾਂ ਨੂੰ ਅਫੀਮ ਸਪਲਾਈ ਕਰਨ ਲਈ ਪਿੰਡ ਫੇਰੂਰਾਈ ਤੋਂ ਹਠੂਰ ਜਾ ਰਿਹਾ ਹੈ। ਇਸ ਸੂਚਨਾ ’ਤੇ ਸਕਾਰਪੀਓ ਕਾਰ ’ਚ ਆ ਰਹੇ ਅਜਮੇਰ ਨੂੰ 1 ਕਿਲੋ ਅਫੀਮ ਅਤੇ 72 ਸੌ ਰੁਪਏ ਡਰੱਗ ਮਣੀ ਸਮੇਤ ਕਾਬੂ ਕੀਤਾ ਗਿਆ। ਇਸੇ ਤਰ੍ਹਾਂ ਥਾਣਾ ਸਿੱਧਵਾਂਬੇਟ ਤੋਂ ਏਐਸਆਈ ਰਾਜਿੰਦਰਪਾਲ ਸਿੰਘ ਨੇ ਦੱਸਿਆ ਕਿ ਏਐਸਆਈ ਬਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਚੈਕਿੰਗ ਲਈ ਕਿਸ਼ਨਪੁਰਾ ਚੌਕ ਸਿੱਧਵਾਂਬੇਟ ਵਿਖੇ ਮੌਜੂਦ ਸੀ। ਉੱਥੇ ਇਤਲਾਹ ਮਿਲੀ ਕਿ ਕੁਲਦੀਪ ਸਿੰਘ ਵਾਸੀ ਪਿੰਡ ਖਹਿਰਾ ਫੂਲਾ ਸਿੰਘ, ਜ਼ਿਲ੍ਹਾ ਜਲੰਧਰ ਜੋ ਕਿ ਅਫੀਮ ਵੇਚਣ ਦਾ ਧੰਦਾ ਕਰਦਾ ਹੈ। ਜਿਸ ਨੂੰ ਅਫੀਮ ਦੀ ਸਪਲਾਈ ਪੁਲਿਸ ਜ਼ਿਲ੍ਹਾ ਲੁਧਿਆਣਾ ਦੇਹਾਤ ਅਧੀਨ ਤਾਇਨਾਤ ਰਹੇ ਬਰਖਾਸਤ ਸਾਬਕਾ ਕਾਂਸਟੇਬਲ ਕੁਲਦੀਪ ਸਿੰਘ ਵਾਸੀ ਪਿੰਡ 48 ਜੀ.ਬੀ.ਏ ਗੰਗਾਨਗਰ, ਰਾਜਸਥਾਨ ਵੱਲੋਂ ਕੀਤੀ ਜਾਂਦੀ ਹੈ। ਕੁਲਦੀਪ ਸਿੰਘ ਆਪਣੇ ਮੋਟਰਸਾਈਕਲ ’ਤੇ ਅਫੀਮ ਲੈ ਕੇ ਗਿੱਦੜਵਿੰਡੀ ਅਤੇ ਇਸ ਨਾਲ ਲੱਦਿਆ ਪਿੰਡਾਂ ਨੂੰ ਸਪਲਾਈ ਕਰਨ ਲਈ ਆ ਰਿਹਾ ਹੈ। ਇਸ ਸੂਚਨਾ ’ਤੇ ਗਿੱਦੜਵਿੰਡੀ ਤੋਂ ਪਿੰਡ ਮਲਸੀਹਾਂ ਬਾਜਾਨ ਨੂੰ ਜਾਣ ਵਾਲੀ ਸੜਕ ’ਤੇ ਨਹਿਰ ਦੇ ਪੁਲ ਕੋਲ ਨਾਕਾਬੰਦੀ ਕਰਕੇ ਕੁਲਦੀਪ ਸਿੰਘ ਨੂੰ 750 ਗ੍ਰਾਮ ਅਫੀਮ ਅਤੇ ਇਕ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ। ਏਐਸਆਈ ਰਾਜਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਸਿੱਧਵਾਂਬੇਟ ਵਿੱਚ ਕੁਲਦੀਪ ਸਿੰਘ ਵਾਸੀ ਖੇੜਾ ਫੂਲਾ ਸਿੰਘ ਜ਼ਿਲ੍ਹਾ ਜਲੰਧਰ ਅਤੇ ਕੁਲਦੀਪ ਸਿੰਘ ਵਾਸੀ ਰਾਜਸਥਾਨ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਸਾਬਕਾ ਕਾਂਸਟੇਬਲ ਕੁਲਦੀਪ ਸਿੰਘ ਕੁਝ ਸਮਾਂ ਪਹਿਲਾਂ ਜ਼ਮਾਨਤ ’ਤੇ ਆਇਆ ਸੀ ਅਤੇ ਜ਼ਮਾਨਤ ’ਤੇ ਆਉਣ ਤੋਂ ਬਾਅਦ ਉਸ ਨੇ ਦੁਬਾਰਾ ਇਹ ਧੰਦਾ ਸ਼ੁਰੂ ਕਰ ਦਿੱਤਾ।