ਮੁੱਲਾਂਪੁਰ ਦਾਖਾ 6 ਮਈ (ਸਤਵਿੰਦਰ ਸਿੰਘ ਗਿੱਲ)ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ.)ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਤੇ ਸਰਗਰਮ ਵਰਕਰਾਂ ਦੀ ਇਕ ਅਹਿਮ ਮੀਟਿੰਗ ਅੱਜ ਤਲਵੰਡੀ ਕਲਾਂ ਵਿਖੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਖ ਵੱਖ ਭੱਖਦੇ ਕਿਸਾਨ – ਮੁਦਿਆਂ ਤੋਂ ਇਲਾਵਾ ਪਹਿਲਵਾਨ ਬੀਬੀਆਂ ਦਾ ਨਾਜਕ ਤੇ ਗੰਭੀਰ ਮਸਲਾ ਵੀ ਵਿਸੇਸ਼ ਤੌਰ ਤੇ ਵਿਚਾਰਿਆ ਗਿਆ l
ਸਰਬਸੰਮਤੀ ਨਾਲ ਮੀਟਿੰਗ ਨੇ ਪਾਸ ਕੀਤੇ ਪਹਿਲੇ ਮਤੇ ਰਾਹੀਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਗਈ ਕਿ ਉਹ ਕਣਕ ਸਮੇਤ ਹਾੜ੍ਹੀ ਦੀਆਂ ਸਾਰੀਆਂ ਫਸਲਾਂ ਦੇ ਖਰਾਬੇ ਦਾ ਪੂਰਾ ਮੁਆਵਜ਼ਾ ਕੀਤੇ ਐਲਾਨਾਂ ਤੇ ਵਾਅਦਿਆਂ ਮੁਤਾਬਕ ਬਿਨਾਂ ਕਿਸੇ ਹੋਰ ਦੇਰੀ ਤੋਂ ਕਿਸਾਨ – ਵੀਰਾਂ ਦੇ ਬੈਂਕ ਖਾਤਿਆਂ ਵਿਚ ਪੁੱਜਦਾ ਕਰੇ ਅਤੇ ਨਾਲ ਹੀ ਖੇਤ ਮਜ਼ਦੂਰ ਭਰਾਵਾਂ ਨੂੰ ਪ੍ਰਤੀ ਏਕੜ 20 % ਦੀ ਦਰ ਨਾਲ ਨੁਕਸਾਨੇ ਕੰਮ – ਦਿਨਾਂ ਵਜੋਂ ਬਣਦਾ ਮੁਆਵਜ਼ਾ ਯਕੀਨੀ ਤੌਰ ਤੇ ਅਦਾ ਕਰੇ l ਨਹੀਂ ਤਾਂ ਸੰਯੁਕਤ ਕਿਸਾਨ ਮੋਰਚਾ (ਪੰਜਾਬ ਯੂਨਿਟ) ਦੇ ਸੱਦੇ ‘ਤੇ ਵਿਸ਼ਾਲ ਤੇ ਤਿੱਖਾ ਘੋਲ ਵਿੱਢ ਦਿੱਤਾ ਜਾਵੇਗਾ, ਜਿਸਦੇ ਸਿੱਟਿਆਂ ਦੀ ਜੁਮੇਵਾਰੀ ਪੰਜਾਬ ਸਰਕਾਰ ਸਿਰ ਹੋਵੇਗੀ l
ਦੂਜੇ ਮਤੇ ਰਾਹੀਂ ਕੇਂਦਰ ਦੀ ਮੋਦੀ ਸਰਕਾਰ ਪਾਸੋਂ ਵੀ ਕਣਕ ਦੀ ਫ਼ਸਲ ਦੇ ਖਰਾਬੇ ਦੇ ਮੱਦੇ ਨਜ਼ਰ 500 ਰੁ. ਪ੍ਰਤੀ ਕੁਇੰਟਲ ਦੀ ਦਰ ਨਾਲ ਵਿਸੇਸ਼ ਬੋਨਸ ਦੀ ਪੁਰਜ਼ੋਰ ਮੰਗ ਕੀਤੀ ਗਈ ਹੈ ਅਤੇ ਨਾਲ ਹੀ ਕਣਕ ਦੀ ਖਰੀਦ ‘ਤੇ ਮੜੀ ਨਜ਼ਾਇਜ ਮੁੱਲ – ਕਟੌਤੀ ਨੂੰ ਫੌਰੀ ਰੱਦ ਕਰਨ ਦੀ ਮੰਗ ਕੀਤੀ ਗਈ ਹੈ l
ਤੀਜੇ ਵਿਸੇਸ਼ ਮਤੇ ਰਾਹੀਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਚੇਅਰਮੈਨ ਦੀ ਜਿਨਸੀ ਸ਼ੋਸ਼ਣ ਦੇ ਦਰਜ ਕੇਸਾਂ ‘ਚ ਫੌਰੀ ਗ੍ਰਿਫਤਾਰੀ ਯਕੀਨੀ ਬਣਾਉਣ ਲਈ ਜੰਤਰ ਮੰਤਰ ਭਵਨ ਦਿੱਲੀ ਵਿਖੇ ਚੱਲ ਰਹੇ ਹੱਕੀ ਘੋਲ ‘ਤੇ ਸ਼ਰਾਬੀ ਤੇ ਬੇਲਗਾਮ ਮਰਦਾਨਾ ਦਿੱਲੀ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਪਹਿਲਵਾਨ ਬੀਬੀਆ, ਨੌਜਵਾਨ ਪਹਿਲਵਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਦੀਆਂ ਔਰਤਾਂ ‘ਤੇ ਕੀਤੇ ਲਾਠੀਚਾਰਜ ਅਤੇ ਖਿਚ ਧੂਹ ਦੀ ਸਖ਼ਤ ਤੋਂ ਸਖ਼ਤ ਸਬਦਾਂ ਵਿਚ ਜ਼ੋਰਦਾਰ ਨਿਖੇਧੀ ਕੀਤੀ ਗਈ ਅਤੇ ਜੁਝਾਰੂ ਜੱਥਾ ਦਿੱਲੀ ਧਰਨੇ ‘ਚ ਸਮੂਲੀਅਤ ਕਰੇਗਾ lਮੀਟਿੰਗ ਨੂੰ ਯੂਨੀਅਨ ਦੇ ਸਕੱਤਰ ਜਸਦੇਵ ਸਿੰਘ ਲਲਤੋਂ ,ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਜੱਥੇਬੰਦਕ ਸਕੱਤਰ ਅਵਤਾਰ ਸਿੰਘ ਬਿੱਲੂ ਵਲੈਤੀਆ, ਸਹਾਇਕ ਸਕੱਤਰ ਰਣਜੀਤ ਸਿੰਘ ਗੁੜੇ, ਡਾ. ਗੁਰਮੇਲ ਸਿੰਘ ਕੁਲਾਰ ਨੇ ਵਿਸੇਸ਼ ਤੌਰ ਤੇ ਸੰਬੋਧਨ ਕੀਤਾ l ਹੋਰਨਾਂ ਤੋਂ ਇਲਾਵਾ :- ਤੇਜਿੰਦਰ ਸਿੰਘ ਬਿਰਕ, ਜਸਵੰਤ ਸਿੰਘ ਮਾਨ, ਬੂਟਾ ਸਿੰਘ ਬਰਸਾਲ, ਅਮਰਜੀਤ ਸਿੰਘ ਖੰਜਰਵਾਲ, ਸੁਰਜੀਤ ਸਿੰਘ ਸਵੱਦੀ, ਪ੍ਰਦੀਪ ਕੁਮਾਰ, ਪ੍ਰਧਾਨ ਅਮਰੀਕ ਸਿੰਘ ਤਲਵੰਡੀ, ਗੁਰਚਰਨ ਸਿੰਘ, ਦਰਸ਼ਨ ਸਿੰਘ ਗੁੜੇ , ਸਾਬਕਾ ਥਾਣੇਦਾਰ ਬਲਵੰਤ ਸਿੰਘ ਢੱਟ, ਜੱਥੇਦਾਰ ਗੁਰਮੇਲ ਸਿੰਘ ਢੱਟ, ਵਿਜੈ ਕੁਮਾਰ ਪੰਡੋਰੀ, ਅਵਤਾਰ ਸਿੰਘ ਤਾਰ,ਅਵਤਾਰ ਸਿੰਘ ਸੰਗਤਪੁਰਾ ਉਚੇਚੇ ਤੌਰ ਤੇ ਹਾਜ਼ਰ ਹੋਏ l