ਕਿਸਾਨਾਂ ਨੂੰ ਨੈਨੋ ਯੂਰੀਆ ਵਰਤਣ ਲਈ ਕੀਤਾ ਗਿਆ ਪ੍ਰੇਰਿਤ
ਫ਼ਤਹਿਗੜ੍ਹ ਸਾਹਿਬ, 11 ਮਈ ( ਬੌਬੀ ਸਹਿਜਲ, ਧਰਮਿੰਦਰ)-ਇਫਕੋ ਵੱਲੋਂ ਸਰਹਿੰਦ ਬਲਾਕ ਦੇ ਪਿੰਡ ਬਧੌਛੀ ਕਲਾਂ ਦੀ ਸਹਿਕਾਰੀ ਸਭਾ ਵਿਖੇ ਨੈਨੋ ਯੂਰੀਆ ਅਤੇ ਨੈਨੋ ਡੀ.ਏ.ਪੀ. ਦੀ ਵਰਤੋਂ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿੱਚ ਜ਼ਿਲ੍ਹਾ ਮੈਨੇਜਰ ਹਿਮਾਂਸ਼ੂ ਜੈਨ ਨੇ ਕਿਸਾਨਾਂ ਨੂੰ ਦਾਣੇਦਾਰ ਯੂਰੀਆ ਦੇ ਬਦਲ ਰੂਪ ਵਿੱਚ ਨੈਨੋ ਯੂਰੀਆ ਵਰਤਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਮਿੱਟੀ ਟੈਸਟ ਦੇ ਆਧਾਰ ਤੇ ਖਾਦਾਂ ਦੀ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ। ਜੈਨ ਨੇ ਦੱਸਿਆ ਕਿ ਪਹਿਲੀ ਵਾਰ 50 ਫੀਸਦੀ ਨਾਈਟ੍ਰੋਜਨ, ਦਾਣੇਦਾਰ ਯੂਰੀਆ ਅਤੇ 30-35 ਦਿਨਾਂ ਬਾਅਦ ਨੈਨੋ ਯੂਰੀਆ ਦਾ ਪਹਿਲਾ ਸਪਰੇਅ ਅਤੇ 15 ਦਿਨ ਬਾਅਦ ਦੂਜਾ ਸਪਰੇਅ ਕਰਨਾ ਚਾਹੀਦਾ ਹੇ। ਉਨ੍ਹਾਂ ਦੱਸਿਆ ਕਿ ਨੈਨੋ ਯੂਰੀਆ ਦੀ 500 ਐਮ.ਐਲ. ਦੀ ਬੋਤਲ 125 ਲੀਟਰ ਪਾਣੀ ਵਿੰਚ ਮਿਲਾ ਕੇ ਸਪਰੇਅ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਨੈਨੋ ਯੂਰੀਆ ਦੀ ਕੀਮਤ ਸਿਰਫ 225/- ਇਕ ਬੋਤਲ ਹੈ ਜੋ ਕਿ ਇਕ ਬੈਗ ਦੇ ਬਰਾਬਰ ਕੰਮ ਕਰਦੀ ਹੈ। ਨੈਨੋ ਡੀ ਏ ਪੀ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਜੈਨ ਨੇ ਦਸਿਆ ਕਿ ਇਸਦੀ ਵਰਤੋਂ ਲਈ ਪਹਿਲਾਂ ਬੀਜ ਸੋਧ ਕਰਨੀ ਹੈ ਜੋ ਕਿ 5 ਮਿਲੀ ਲੀਟਰ ਪ੍ਰਤੀ ਕਿਲੋ ਨੈਨੋ ਡੀ ਏ ਪੀ ਦੇ ਹਿਸਾਬ ਨਾਲ, ਉਸ ਤੋਂ ਬਾਦ 40 ਦਿਨ ਦੀ ਫਸਲ ਤੇ ਨੈਨੋ ਡੀ ਏ ਪੀ ਦੀ ਵਰਤੋਂ ਕਰਨੀ ਹੈ ਜੋ ਕਿ ਇਕ ਡੀ ਏ ਪੀ ਬੈਗ ਬਰਾਬਰ ਕੰਮ ਕਰਦੀ ਹੈ। ਇਫਕੋ ਵਲੋਂ ਮਿੱਟੀ ਜਾਂਚ ਲਈ ਨਮੂਨੇ ਵੀ ਇਕੱਠੇ ਕੀਤੇ ਗਏ, ਜਿਸਦੀ ਜਾਂਚ ਇਫਕੋ ਵਲੋਂ ਮੁਫ਼ਤ ਵਿੱਚ ਕੀਤੀ ਜਾਂਦੀ ਹੈ। ਅੰਤ ਵਿੱਚ ਇਫਕੋ ਵਲੋਂ ਤਰਲ ਜੈਵਿਕ ਖਾਦ ਦੀ ਕਿੱਟ ਮੁਫ਼ਤ ਵਿੱਚ ਵੰਡੀ ਗਈ।ਇਸ ਮੌਕੇ ਸਹਿਕਾਰੀ ਸਭਾ ਦੇ ਸਕੱਤਰ ਲਖਵੀਰ ਸਿੰਘ, ਸੇਲਜਮੈਨ ਜਤਿੰਦਰ ਸਿੰਘ, ਕਮਲਜੀਤ ਸਿੰਘ ਬਰਾਸ, ਦਲਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਕਿਸਾਨ ਮੌਜੂਦ ਸਨ।