ਜਗਰਾਉਂ, 14 ਮਈ ( ਜਗਰੂਪ ਸੋਹੀ )-ਥਾਣਾ ਸਦਰ ਅਤੇ ਥਾਣਾ ਸੁਧਾਰ ਦੀ ਪੁਲਿਸ ਪਾਰਟੀਆਂ ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕਰਕੇ 27 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਏਐਸਆਈ ਅਨਵਰ ਮਸੀਹ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਪੁਲ ਸੂਆ ਰਾਮਗੜ੍ਹ ਭੁੱਲਰ ਵਿਖੇ ਚੈਕਿੰਗ ਲਈ ਮੌਜੂਦ ਸਨ। ਉਥੇ ਇਤਲਾਹ ਮਿਲੀ ਕਿ ਸੁਖਚੈਨ ਅਲੀ ਵਾਸੀ ਰਾਮਗੜ੍ਹ ਭੁੱਲਰ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ। ਜੋ ਕਿ ਮਲਸੀਹਾ ਭਾਈਕੇ ਤੋਂ ਐਕਟਿਵਾ ਸਕੂਟੀ ’ਤੇ ਨਜਾਇਜ਼ ਸ਼ਰਾਬ ਲੈ ਕੇ ਪਿੰਡ ਰਾਮਗੜ੍ਹ ਭੁੱਲਰ ਵੱਲ ਆ ਰਿਹਾ ਸੀ। ਇਸ ਸੂਚਨਾ ’ਤੇ ਪੁਲ ਸੂਆ ਮਲਸੀਹਾ ਭਾਈਕੇ ’ਤੇ ਨਾਕਾਬੰਦੀ ਕਰਕੇ ਸੁਖਚੈਨ ਅਲੀ ਨੂੰ 9 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ। ਥਾਣਾ ਸੁਧਾਰ ਤੋਂ ਏਐਸਆਈ ਰਾਜਦੀਪ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਟੀ ਪੁਆਇੰਟ ਪੱਖੋਵਾਲ ਵਿਖੇ ਚੈਕਿੰਗ ਲਈ ਮੌਜੂਦ ਸਨ। ਉਥੇ ਇਤਲਾਹ ਮਿਲੀ ਕਿ ਬਲਰਾਜ ਸਿੰਘ ਵਾਸੀ ਵਾਲਮੀਕ ਮੰਦਰ ਪੱਖੋਵਾਲ ਨੇੜੇ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ। ਜੋ ਬਾਹਰਲੇ ਸੂਬਿਆਂ ਤੋਂ ਸਸਤੇ ਭਾਅ ’ਤੇ ਸ਼ਰਾਬ ਖਰੀਦ ਕੇ ਆਪਣੇ ਘਰ ਰੱਖ ਕੇ ਮਹਿੰਗੇ ਭਾਅ ’ਤੇ ਵੇਚਦਾ ਹੈ। ਇਸ ਸੂਚਨਾ ’ਤੇ ਬਲਰਾਜ ਸਿੰਘ ਦੇ ਘਰ ਛਾਪਾ ਮਾਰੀ ਕਰਕੇ ਉਸ ਕੋਲੋਂ 18 ਬੋਤਲਾਂ ਸ਼ਰਾਬ 999 ਪਾਵਰਸਟਾਰ ਵਿਸਕੀ ਸੇਲ ਚੰਡੀਗੜ੍ਹ ਦੀਆਂ ਬਰਾਮਦ ਕੀਤੀਆਂ। ਇਨ੍ਹਾਂ ਖ਼ਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।