ਸੁਧਾਰ, 14 ਮਈ ( ਜਸਵੀਰ ਹੇਰਾਂ )-ਇੰਸਟਾਗ੍ਰਾਮ ’ਤੇ 12ਵੀਂ ਜਮਾਤ ’ਚ ਪੜ੍ਹਦੇ ਇਕ ਲੜਕੇ ਦੀ ਫਰਜ਼ੀ ਆਈਡੀ ਬਣਾ ਕੇ ਉਸ ਦੇ ਅਕਾਊਂਟ ’ਤੇ ਇਕ ਅਣਪਛਾਤੀ ਲੜਕੀ ਨਾਲ ਇਤਰਾਜ਼ਯੋਗ ਫੋਟੋਆਂ ਪਾਉਣ ਅਤੇ ਉਸ ਦੇ ਸਾਥੀ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ’ਚ ਲੜਕੀ ਅਤੇ ਉਸ ਦੇ ਦੋਸਤ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸੁਧਾਰ ਤੋਂ ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਰੁਪਿੰਦਰ ਕੌਰ ਵਾਸੀ ਬੋਪਾਰਾਏ ਕਲਾਂ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਘਰੇਲੂ ਕੰਮ ਕਰਦੀ ਹੈ। ਉਸ ਦੇ ਤਿੰਨ ਬੱਚੇ ਹਨ। ਛੋਟਾ ਲੜਕਾ ਮਨਕਰਨ ਸਿੰਘ 12ਵੀਂ ਜਮਾਤ ਵਿੱਚ ਪੜ੍ਹਦਾ ਹੈ। ਜਿਸ ਕੋਲ ਕੋਈ ਵੀ ਮੋਬਾਈਲ ਫੋਨ ਨਹੀਂ ਹੈ। ਕੁਝ ਸਮਾਂ ਪਹਿਲਾਂ ਮੈਨੂੰ ਅਤੇ ਮੇਰੇ ਪਤੀ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸਾਡੇ ਫ਼ੋਨ ’ਤੇ ਧਮਕੀਆਂ ਦਿੱਤੀਆਂ ਗਈਆਂ ਅਤੇ ਦੁਰਵਿਵਹਾਰ ਕੀਤਾ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਲੜਕਾ ਮਨਕਰਨ ਸਿੰਘ ਸਕੂਲ ਤੋਂ ਵਾਪਸ ਆਇਆ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਸਕੂਲ ਦੇ ਕੁਝ ਲੜਕੇ-ਲੜਕੀਆਂ ਨੇ ਦੱਸਿਆ ਕਿ ਉਸ ਦੇ ਨਾਂ ’ਤੇ ਇੰਸਟਾਗ੍ਰਾਮ ’ਤੇ ਇਕ ਆਈ.ਡੀ.ਬਣੀ ਹੋਈ ਹੈ। ਜਦੋਂ ਅਸੀਂ ਇੰਸਟਾਗ੍ਰਾਮ ’ਤੇ ਦੇਖਿਆ ਤਾਂ ਇਕ ਅਣਪਛਾਤੇ ਵਿਅਕਤੀ ਵਲੋਂ ਕਰਨ ਸਰਬੋ ਦੇ ਨਾਂ ’ਤੇ ਇਕ ਆਈਡੀ ਚਲਾਈ ਜਾ ਰਹੀ ਹੈ। ਜਿਸ ’ਤੇ ਮਨਕਰਨ ਸਿੰਘ ਅਤੇ ਉਸ ਦੇ ਨਾਲ ਇਕ ਅਣਪਛਾਤੀ ਲੜਕੀ ਦੀਆਂ ਫੋਟੋਆਂ ਵੀ ਪੋਸਟ ਕੀਤੀਆਂ ਹੋਈਆਂ ਹਨ। ਜਾਣਬੁੱਝ ਕੇ ਸਾਡੇ ਲੜਕੇ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਮਨਕਰਨ ਸਿੰਘ ਇਕ ਲੜਕੀ ਕੋਲ ਟਿਊਸ਼ਨ ਪੜ੍ਹਦਾ ਸੀ। ਉਸਦੀ ਭੈਣ ਸਰਵਜੀਤ ਕੌਰ ਉਸਨੂੰ ਤੰਗ ਪ੍ਰੇਸ਼ਾਨ ਕਰਦੀ ਸੀ। ਜਿਸ ਕਾਰਨ ਉਹ ਟਿਊਸ਼ਨ ਪੜ੍ਹਨ ਤੋਂ ਹਟ ਗਿਆ ਤਾਂ ਲੜਕੀ ਨੇ ਆਪਣੇ ਦੋਸਤ ਜਸਵੀਰ ਸਿੰਘ ਨਾਲ ਮਿਲ ਕੇ ਮਨਕਰਨ ਸਿੰਘ ਦੀ ਫਰਜ਼ੀ ਇੰਸਟਾਗ੍ਰਾਮ ਆਈਡੀ ਬਣਾ ਦਿੱਤੀ ਅਤੇ ਸਰਵਜੀਤ ਕੌਰ ਨੇ ਉਸ ’ਤੇ ਇਤਰਾਜ਼ਯੋਗ ਫੋਟੋ ਪਾ ਦਿੱਤੀ। ਇਸ ਸਬੰਧੀ ਮਨਕਰਨ ਸਿੰਘ ਦੀ ਮਾਂ ਰੁਪਿੰਦਰ ਕੌਰ ਦੇ ਬਿਆਨਾਂ ’ਤੇ ਜਗਸੀਰ ਸਿੰਘ ਅਤੇ ਸਰਵਜੀਤ ਕੌਰ ਖ਼ਿਲਾਫ਼ ਥਾਣਾ ਸੁਧਾਰ ਅਤੇ ਆਈਟੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ।