ਅੰਮਿ੍ਤਸਰ (ਵਿਕਾਸ ਮਠਾੜੂ)ਲੰਡਨ ਜਾ ਰਹੀ ਇਕ ਬਜ਼ੁਰਗ ਔਰਤ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਲੋਡਰ ਨੇ ਲੁੱਟ ਲਿਆ। ਔਰਤ ਨੂੰ ਇਸ ਗੱਲ ਦਾ ਅਹਿਸਾਸ ਉਦੋਂ ਹੋਇਆ ਜਦੋਂ ਉਸ ਨੇ ਲੰਡਨ ਪਹੁੰਚ ਕੇ ਆਪਣਾ ਸਮਾਨ ਚੈੱਕ ਕੀਤਾ। ਇਸ ਦੀ ਸੂਚਨਾ ਉਸ ਨੇ ਆਪਣੀ ਬੇਟੀ ਨੂੰ ਦਿੱਤੀ। ਜਿਸ ਤੋਂ ਬਾਅਦ ਉਸ ਦੀ ਬੇਟੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਮੁਲਜਮ ਲੋਡਰ ਨੂੰ ਗਿ੍ਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਗੁਰਪ੍ਰਰੀਤ ਸਿੰਘ ਗੋਪੀ ਵਾਸੀ ਉਮਰਪੁਰਾ ਅਜਨਾਲਾ ਵਜੋਂ ਹੋਈ ਹੈ। ਪੀੜਤ ਬਜ਼ੁਰਗ ਔਰਤ ਦੀ ਸ਼ਿਕਾਇਤ ਅਨੁਸਾਰ ਉਹ ਲੰਡਨ ਜਾਣ ਵਾਲੀ ਫਲਾਈਟ ਲੈਣ ਲਈ ਅੰਮਿ੍ਤਸਰ ਹਵਾਈ ਅੱਡੇ ‘ਤੇ ਪਹੁੰਚੀ ਸੀ ਪਰ ਚੈੱਕ-ਇਨ ਦੌਰਾਨ ਲੋਡਰ ਉਸ ਦੇ ਸਾਹਮਣੇ ਆ ਗਿਆ। ਲੋਡਰ ਨੇ ਉਸ ਨੂੰ ਗਹਿਣੇ ਪਾ ਕੇ ਫਲਾਈਟ ਵਿਚ ਨਾ ਚੜ੍ਹਣ ਦੀ ਹਦਾਇਤ ਕੀਤੀ ਅਤੇ ਉਸ ਨੂੰ ਗਹਿਣੇ ਉਤਾਰਨ ਲਈ ਕਿਹਾ। ਲੋਡਰ ਗੋਪੀ ਬਜ਼ੁਰਗ ਅੌਰਤ ਨੂੰ ਟਰਮੀਨਲ ਹਾਲ ਵਿਚ ਲੈ ਗਿਆ ਅਤੇ ਉਸ ਨੂੰ ਕਿਹਾ ਕਿ ਸੋਨੇ ਦੀਆਂ ਚੂੜੀਆਂ ਉਤਾਰ ਕੇ ਬੈਗ ਵਿਚ ਪਾ ਦਿਓ। ਇਸ ਤੋਂ ਬਾਅਦ ਮਹਿਲਾ ਨੂੰ ਫਲਾਈਟ ਵੱਲ ਜਾਣ ਲਈ ਕਿਹਾ ਗਿਆ। ਇਹ ਵੀ ਦੱਸਿਆ ਗਿਆ ਕਿ ਉਸ ਦਾ ਸਮਾਨ ਬੈਗ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ। ਲੈਂਡਿੰਗ ਤੋਂ ਬਾਅਦ ਉਹ ਇਸ ਨੂੰ ਬਾਹਰ ਕੱਢ ਸਕਦੀ ਹੈ। ਬਜ਼ੁਰਗ ਔਰਤ ਅਨੁਸਾਰ ਜਦੋਂ ਉਸ ਨੇ ਫਲਾਈਟ ਵਿਚ ਬੈਠਾ ਆਪਣਾ ਹੈਂਡਬੈਗ ਦੇਖਿਆ ਤਾਂ ਉਸ ਵਿਚ ਚੂੜੀਆਂ ਨਹੀਂ ਸਨ। ਲੰਡਨ ਏਅਰਪੋਰਟ ‘ਤੇ ਉਤਰਦੇ ਹੀ ਉਸ ਨੇ ਇਸ ਦੀ ਜਾਣਕਾਰੀ ਆਪਣੀ ਬੇਟੀ ਨੂੰ ਦਿੱਤੀ। ਬੇਟੀ ਨੇ ਪੁਲਿਸ ਨਾਲ ਸੰਪਰਕ ਕੀਤਾ। ਸ਼ਿਕਾਇਤ ਮਿਲਣ ਤੋਂ ਬਾਅਦ ਏਅਰਪੋਰਟ ਪੁਲਸ ਨੇ ਤੁਰੰਤ ਹਰਕਤ ‘ਚ ਆ ਕੇ ਮੁਲਜਮ ਨੂੰ ਗਿ੍ਫਤਾਰ ਕਰ ਲਿਆ। ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।