Home Education ਸਦੀ ਪਹਿਲਾਂ ਜਨਮੇ ਅੱਜ ਦੇ ਦਿਨ ਵਿੱਛੜੇ ਸੀ ਪੰਜਾਬੀ ਲੇਖਕਤੇਰਾ ਸਿੰਘ ਚੰਨ

ਸਦੀ ਪਹਿਲਾਂ ਜਨਮੇ ਅੱਜ ਦੇ ਦਿਨ ਵਿੱਛੜੇ ਸੀ ਪੰਜਾਬੀ ਲੇਖਕ
ਤੇਰਾ ਸਿੰਘ ਚੰਨ

91
0

ਗੁਰਭਜਨ ਗਿੱਲ

6 ਜਨਵਰੀ 1921 ਨੂੰ ਜਨਮੇ ਤੇ 9 ਜੁਲਾਈ 2009 ਨੂੰ ਵਿੱਛੜੇ ਪੰਜਾਬੀ  ਗੀਤ ਨਾਟ ਪਰੰਪਰਾ ਦੇ ਮੋਢੀ ਸਃ ਤੇਰਾ ਸਿੰਘ ਚੰਨ ਪੱਕੇ ਪੋਠੋਹਾਰੀ ਸਨ। ਜ਼ਿਲ੍ਹਾ ਕੈਂਬਲਪੁਰ ਦੀ ਤਹਿਸੀਲ ਫ਼ਤਹਿ ਜੰਗ ਵਿੱਚ ਸੁਹਾਂ ਨਦੀ ਕੰਢੇ ਪਿੰਡ ਬਿਲਾਵਲ ਦੇ ਜੰਮਪਲ ਸਨ ਉਹ।
ਉਨ੍ਹਾਂ ਦਾ ਸਾਰੀ ਉਮਰ ਝੁਕਾਅ ਮਾਰਕਸੀ ਵਿਚਾਰਧਾਰਾ ਵੱਲ ਰਿਹਾ। ਉਹ ਕਵੀ, ਉਪੇਰਾ ਲੇਖਕ, ਨਾਟਕਕਾਰ ਅਤੇ ਅਨੁਵਾਦਕ ਸਨ । ਉਨ੍ਹਾਂ ਦੀਆਂ ਰਚਨਾਵਾਂ ਵਕਤ ਦੇ ਭਖਦੇ ਮਸਲਿਆਂ ਬਾਰੇ, ਲੋਕਾਂ ਦੀ ਲੁਟ-ਖਸੁੱਟ ਦੇ ਵਿਰੋਧੀ ਅਤੇ ਸਾਮਰਾਜਵਾਦ ਵਿਰੁਧ ਆਵਾਜ਼ ਉਠਾਉਂਦੀਆਂ ਹਨ ।
ਉਨ੍ਹਾਂ ਦੀਆਂ ਕਾਵਿ ਰਚਨਾਵਾਂ ਇੰਜ ਹਨ:
ਸਿਸਕੀਆਂ, ਜੈ ਹਿੰਦ, ਸਮੇਂ ਸਮੇਂ ਦੀਆਂ ਗੱਲਾਂ, ਕਾਗ ਸਮੇਂ ਦਾ ਬੋਲਿਆ, ਅਮਰ ਪੰਜਾਬ, ਸਾਂਝਾ ਵਿਹੜਾ, ਲੱਕੜ ਦੀ ਲੱਤ, ਪੰਜਾਬ ਦੀ ਆਵਾਜ਼, ਨੀਲ ਦੀ ਸ਼ਹਿਜ਼ਾਦੀ, ਫੁੱਲਾਂ ਦਾ ਸੁਨੇਹਾ ਆਦਿ
ਨਮੂਨਾ ਮਾਤਰ ਉਨ੍ਹਾਂ ਦੀ ਇੱਕ ਕਵਿਤਾ ਤੁਸੀਂ ਵੀ ਪੜ੍ਹੋ।

ਭਗਤ ਸਿੰਘ ਦੀ ਵਾਰ

ਤੇਰਾ ਸਿੰਘ ਚੰਨ

ਅਜੇ ਕੱਲ੍ਹ ਦੀ ਗਲ ਹੈ ਸਾਥੀਓ, ਕੋਈ ਨਹੀਂ ਪੁਰਾਣੀ।
ਜਦ ਜਕੜੀ ਸੀ ਪਰਦੇਸੀਆਂ, ਇਹ ਹਿੰਦ ਨਿਮਾਣੀ।
ਜਦ ਘਰ ਘਰ ਗੋਰੇ ਜ਼ੁਲਮ ਦੀ ਟੁਰ ਪਈ ਕਹਾਣੀ ।
ਉਹਨੇ ਮੇਰੇ ਦੇਸ਼ ਪੰਜਾਬ ਦੀ, ਆ ਮਿੱਟੀ ਛਾਣੀ।
ਪਿੰਡਾਂ ਵਿੱਚ ਹੁਟ ਕੇ ਬਹਿ ਗਈ, ਗਿਧਿਆਂ ਦੀ ਰਾਣੀ ।
ਗਏ ਦਾਣੇ ਮੁਕ ਭੜੋਲਿਓਂ, ਘੜਿਆਂ ਚੋਂ ਪਾਣੀ,
ਦੁਧ ਬਾਝੋਂ ਡੁਸਕਣ ਲਗ ਪਈ, ਕੰਧ ਨਾਲ ਮਧਾਣੀ ।
ਹੋਈ ਨੰਗੀ ਸਿਰ ਤੋਂ ਸਭਿਅਤਾ ਪੈਰਾਂ ਤੋਂ ਵਾਹਣੀ।
ਉਦੋਂ ਉੱਠਿਆ ਸ਼ੇਰ ਪੰਜਾਬ ਦਾ ਸੰਗ ਲੈ ਕੇ ਹਾਣੀ
ਉਹਨੇ ਜੁਲਮ ਜਬਰ ਦੇ ਸਾਹਮਣੇ, ਆ ਛਾਤੀ ਤਾਣੀ।
ਉਸ ਕਿਹਾ ਕੰਗਾਲੀ ਦੇਸ਼ ਦੀ ਅਸਾਂ ਜੜ੍ਹੋਂ ਮੁਕਾਣੀ।
ਸੁਣ ਉਹਦੀਆਂ ਬੜ੍ਹਕਾਂ ਕੰਬ ਗਈ, ਲਹੂ ਪੀਣੀ ਢਾਣੀ।
ਉਹਨਾਂ ਇਹਦਾ ਦਾਰੂ ਸੋਚ ਕੇ, ਇਕ ਮੌਤ ਪਛਾਣੀ।
ਉਹਦੀ ਵੇਖ ਜਵਾਨੀ ਦਘ ਰਹੀ, ਫਾਂਸੀ ਕੁਮਲਾਣੀ।
ਉਦੋਂ ਰੋ ਰੋ ਖਾਰੇ ਹੋ ਗਏ, ਸਤਲੁਜ ਦੇ ਪਾਣੀ।

ਉਸ ਸੀਨੇ ਦੇ ਵਿਚ ਘੁੱਟ ਲਏ, ਚਾ ਭਰੇ ਹੁਲਾਰੇ।
ਨਾ ਵਾਗਾਂ ਭੈਣਾਂ ਗੁੰਦੀਆਂ, ਨਾ ਜੌਂ ਹੀ ਚਾਰੇ।
ਲਾ ਕ ਨਾ ਗਾਨਾ ਕਿਸੇ ਨੇ ਬੰਨ੍ਹਿਆ, ਨਾ ਚੜ੍ਹਿਆ ਖਾਰੇ।
ਨਾ ਸਗਣਾਂ ਵਾਲੀਆਂ ਮਹਿੰਦੀਆਂ, ਕੋਈ ਹੱਥ ਸ਼ਿੰਗਾਰੇ ।
ਨਾ ਡੋਲੀ ਉੱਤੇ ਮਾਂ ਨੇ, ਉੱਠ ਪਾਣੀ ਵਾਰੇ ।
ਜਦੋਂ ਡੁਬਿਆ ਚੰਨ ਪੰਜਾਬ ਦਾ, ਡੁਬ ਗਏ ਸਿਤਾਰੇ।

ਜਦ ਫਾਂਸੀ ਚੁੰਮੀ ਸ਼ੇਰ ਨੇ, ਉਹਦੇ ਬੁੱਲ ਮੁਸਕਾਏ ।
ਉਹਦੇ ਸੀਨੇ ਵਿਚੋਂ ਉਠ ਪਏ, ਅਰਮਾਨ ਦਬਾਏ ।
ਉਹ ਚੁੱਪ ਚੁਪੀਤੇ ਉਹਦਿਆਂ ਬੁੱਲ੍ਹਾਂ ਤੇ ਆਏ:
“ਸ਼ਾਲਾ ਮੇਰੀ ਨੀਦਰ ਦੇਸ਼ ਨੂੰ ਹੁਣ ਜਾਗ ਲਿਆਏ ।
ਨਾ ਮੇਰੇ ਪੰਜ ਦਰਿਆ ਨੂੰ ਕੋਈ ਵੈਣ ਸੁਣਾਵੇ ।
ਨਾ ਪੈਲੀਆਂ ਵਿਚ ਥਾਂ ਦਾਣਿਆਂ, ਕੋਈ ਭੁੱਖ ਉਗਾਏ ।
ਨਾ ਵੇਖਣ ਹੱਲਾਂ ਰੋਂਦੀਆਂ, ਧਰਤੀ ਦੇ ਜਾਏ ।”

ਉਸ ਕਿਹਾ, “ਹੇ ਰੋਂਦੇ ਤਾਰਿਓ, ਤੁਸੀਂ ਦਿਓ ਗਵਾਹੀ।
ਮੈਂ ਹਸਦੇ ਹਸਦੇ ਮੌਤ ਨੂੰ ਹੈ ਜੱਫੀ ਪਾਈ।
ਮੈਂ ਜੁਲਮ ਜਬਰ ਦੇ ਸਾਹਮਣੇ, ਨਹੀਂ ਧੌਣ ਨਿਵਾਈ।
ਮੈਂ ਆਖ਼ਰੀ ਟੇਪਾ ਖੂਨ ਦਾ ਪਾ ਸ਼ਮ੍ਹਾਂ ਜਗਾਈ।
ਮੇਰੇ ਸਿਰ ਤੇ ਸਿਹਰੇ ਦੀ ਜਗ੍ਹਾ ਫਾਂਸੀ ਲਹਿਰਾਈ।
ਮੈਂ ਮਾਂ ਦੇ ਪੀਤੇ ਦੁਧ ਨੂੰ ਨਹੀਂ ਲੀਕ ਲਗਾਈ।”

 “ਮੇਰੀ ਸੁਖਾਂ ਲਧੜੀ ਮਾਂ ਵੀ ਨਾ ਹੰਝੂ ਕੇਰੇ ।
ਨਾ ਡੋਲਣ ਮੇਰੇ ਪਿਓ ਦੇ ਫੌਲਾਦੀ ਜੇਰੇ।
ਅਜੇ ਮੇਰੇ ਜਿਹੇ ਪੰਜਾਬ ਦੇ ਨੇ ਪੁੱਤ ਬਥੇਰੇ।
ਜੋ ਚੁਕਣਗੇ ਇਸ ਦੇਸ਼ ਚੋਂ ਦੁਖਾਂ ਦੇ ਡੇਰੇ ।
ਕੀ ਹੋਇਆ ਮੈਨੂੰ ਨਿਗਲਿਆ, ਅੱਜ ਘੋਰ ਹਨੇਰੇ ।
ਪਰ ਇਸ ਦੀ ਕੁੱਖ ਚੋਂ ਜੰਮਣੇ ਨੇ ਸੁਰਖ਼ ਸਵੇਰੇ ।”

ਸਤਲੁਜ ਕੰਢੇ ਆਣ ਕੇ ਜਦ ਬਲੀਆਂ ਅੱਗਾਂ,
ਵਧ ਕੇ ਗਰਮੀ ਘੁੱਟ ਲਈਆਂ ਸਤਲੁਜ ਦੀਆਂ ਰੱਗਾਂ ।
ਉਹਦੇ ਮੂੰਹ ਚੋਂ ਵਗ ਕੇ ਆ ਗਈਆਂ ਛਾਤੀ ਤੇ ਝੱਗਾਂ।
ਉਦੋਂ ਲਹਿ ਕੇ ਗਲ ਵਿਚ ਪੈ ਗਈਆਂ ਪੰਜਾਬੀ ਪੱਗਾਂ।
🌒

LEAVE A REPLY

Please enter your comment!
Please enter your name here