ਲਹਿਰਾਗਾਗਾ(ਧਰਮਿੰਦਰ ) ਏਯੂ ਸਮਾਲ ਬੈਂਕ ਸੰਗਰੂਰ ਵੱਲੋਂ ਵਿਧਵਾ ਅਤੇ ਬੇਸਹਾਰਾ ਅੌਰਤ ਦੇ ਮਕਾਨ ਤੇ ਗੈਰ ਕਾਨੂੰਨੀ ਢੰਗ ਨਾਲ ਕਬਜ਼ਾ ਕਰਨ ਦੇ ਦੋਸ਼ ਲਾਉਂਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਡਿਪਟੀ ਕਮਿਸ਼ਨਰ ਸੰਗਰੂਰ ਪਾਸੋਂ ਅੌਰਤ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਯੂਨੀਅਨ ਦੇ ਬਲਾਕ ਪ੍ਰਧਾਨ ਭੂਰਾ ਸਿੰਘ ਸਲੇਮਗੜ੍ਹ ਅਤੇ ਜਰਨਲ ਸਕੱਤਰ ਰਾਮਫਲ ਸਿੰਘ ਜਲੂਰ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ, ਕਿ ਰਜਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਹਰਿਆਊ ਨੇ ਆਪਣੇ ਕਾਰੋਬਾਰ ਲਈ ਏ ਯੂ ਸਮਾਲ ਬੈਂਕ ਸੰਗਰੂਰ ਪਾਸੋਂ ਕਰਜ਼ਾ ਲਿਆ ਸੀ। ਜਿਸ ਦੇ ਸਬੰਧ ਵਿਚ ਇਸ ਦੀ ਪਤਨੀ ਕਰਮਜੀਤ ਕੌਰ ਨੇ ਆਪਣਾ ਮਕਾਨ ਬੈਂਕ ਕੋਲ ਗਰੰਟੀ ਵਜੋਂ ਗਹਿਣੇ ਰੱਖਿਆ ਸੀ। ਰਜਿੰਦਰ ਸਿੰਘ ਨੇ ਕਰਜ਼ਾ ਲੈਣ ਉਪਰੰਤ 15 ਕਿਸ਼ਤਾਂ ਬੈਂਕ ਨੂੰ ਅਦਾ ਕਰ ਦਿੱਤੀਆਂ ਸਨ। ਉਸ ਉਪਰੰਤ ਰਜਿੰਦਰ ਸਿੰਘ ਦੀ ਮੌਤ ਹੋ ਗਈ ਸੀ। ਕਰਜਾ ਦੇਣ ਸਮੇ ਬੈਂਕ ਇਹ ਗੱਲ ਕਹਿੰਦਾ ਸੀ, ਕਿ ਜੇਕਰ ਕਰਜ਼ਾਂ ਧਾਰਕ ਤੱਕ ਦੀ ਮੌਤ ਹੋ ਜਾਵੇ ਤਾਂ ਉਸਦੀ ਬਾਕੀ ਰਕਮ ਮੁਆਫ ਹੋ ਜਾਂਦੀ ਹੈ। ਰਜਿੰਦਰ ਸਿੰਘ ਦੇ ਦੋ ਛੋਟੇ ਬੱਚੇ ਹਨ ਅਤੇ ਅੌਰਤ ਘਰ ਦਾ ਕੰਮਕਾਰ ਕਰਦੀ ਹੈ। ਕਮਾਈ ਦਾ ਕੋਈ ਸਾਧਨ ਨਾ ਹੋਣ ਕਾਰਨ ਉਸ ਦੀ ਪਤਨੀ ਬੈਂਕ ਦੀਆਂ ਕਿਸ਼ਤਾਂ ਅਦਾ ਨਹੀਂ ਕਰ ਸਕੀ। ਜਿਸ ਕਾਰਨ ਤਿੰਨ ਮਹੀਨੇ ਪਹਿਲਾਂ ਬੈਂਕ ਨੇ ਮਕਾਨ ਨੂੰ ਸੀਲ ਕਰ ਕੇ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਪਰਿਵਾਰ ਨੂੰ ਬਾਹਰ ਕੱਢ ਦਿੱਤਾ। ਕਰਮਜੀਤ ਕੌਰ ਨੇ ਗੁਰਦੁਆਰਾ ਸਾਹਿਬ ਵਿਖੇ ਸ਼ਰਨ ਲਈ ਹੋਈ ਹੈ। ਉਕਤ ਆਗੂਆਂ ਨੇ ਡਿਪਟੀ ਕਮਿਸ਼ਨਰ ਸੰਗਰੂਰ ਪਾਸੋਂ ਮੰਗ ਕੀਤੀ ਹੈ ਕਿ ਏ ਯੂ ਸਮਾਲ ਬੈਂਕ ਸਗਰੂਰ ਦੇ ਅਧਿਕਾਰੀਆਂ ਖ਼ਲਿਾਫ਼ ਕਾਰਵਾਈ ਕੀਤੀ ਜਾਵੇ। ਕਿਉਂਕਿ ਬੈਂਕ ਨੇ ਬੀਮਾ ਕੰਪਨੀ ਦਾ ਪ੍ਰਰੀਮੀਅਮ ਹਾਸਲ ਕੀਤਾ ਸੀ। ਇਸ ਲਈ ਬੈਂਕ ਇਹ ਰਕਮ ਬੀਮਾ ਕੰਪਨੀ ਪਾਸੋਂ ਵਸੂਲ ਕਰੇ। ਉਕਤ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੀੜਤ ਅੌਰਤ ਨੂੰ ਇਨਸਾਫ ਨਾ ਦਿੱਤਾ ਗਿਆ ਤਾਂ ਸਿੱਧੂਪੁਰ ਯੂਨੀਅਨ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸ਼ਨ ਦੀ ਰਹੇਗੀ।