ਫਿਰੋਜ਼ਪੁਰ (ਅਸਵਨੀ-ਬੋਬੀ ਸਹਿਜਲ) ਬੀਐੱਸਐੱਫ ਦੇ ਇਕ ਜਵਾਨ ਨੂੰ ਫੇਸਬੁੱਕ ’ਤੇ ਇਕ ਔਰਤ ਨਾਲ ਦੋਸਤੀ ਕਰਨੀ ਮਹਿੰਗੀ ਪੈ ਗਈ। ਬੀਐਸੱਐੱਫ ਜਵਾਨ ਦੀ ਉਕਤ ਫੇਸਬੁੱਕੀਆ ਦੋਸਤ ਵੱਲੋਂ ਪਹਿਲੋਂ ਉਸ ਜਵਾਨ ਨੂੰ ਮਿਲਣ ਲਈ ਘਰ ਬੁਲਾਇਆ ਗਿਆ, ਫਿਰ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਜ਼ਬਰਦਸਤੀ ਉਸ ਦੇ ਬੈਂਕ ਖਾਤੇ ’ਚੋਂ ਕਰੀਬ ਸਾਢੇ ਤਿੰਨ ਲੱਖ ਰੁਪਏ ਟਰਾਂਸਫਰ ਕਰ ਲਏ। ਇੰਨਾ ਹੀ ਨਹੀਂ ਲੁਟੇਰਿਆਂ ਨੇ ਉਸ ਦਾ ਆਈਡੀ ਪਰੂਫ ਤੇ ਏਟੀਐਮ ਵੀ ਖੋਹ ਲਿਆ।
ਬੀਐੱਸਐੱਫ ਦੀ 160 ਬਟਾਲਿਅਨ ’ਚ ਤਾਇਨਾਤ ਹੌਲਦਾਰ ਰਾਕੇਸ਼ ਕੁਮਾਰ ਦੀ ਸ਼ਿਕਾਇਤ ’ਤੇ ਥਾਣਾ ਸਦਰ ਫ਼ਿਰੋਜ਼ਪੁਰ ਪੁਲਿਸ ਨੇ ਅਮਨਦੀਪ ਕੌਰ, ਉਸ ਦੇ ਪਤੀ ਦਾਨਿਸ਼, ਪਿੰਕੀ ਤੇ ਉਸ ਦੇ ਪਤੀ ਸੰਜੇ ਤੋਂ ਇਲਾਵਾ ਇਕ ਅਣਪਛਾਤੇ ਮੁਲਜ਼ਮ ਖ਼ਿਲਾਫ਼ ਆਈਪੀਸੀ ਦੀ ਧਾਰਾ 342, 385, 323, 506, 148 ਤੇ 149 ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਹੌਲਦਾਰ ਰਾਕੇਸ਼ ਕੁਮਾਰ ਨੇ ਦੱਸਿਆ ਕਿ 20 ਮਈ ਨੂੰ ਉਹ ਅਬੋਹਰ ਹੈੱਡਕੁਆਰਟਰ ’ਤੇ ਤਾਇਨਾਤੀ ਮਗਰੋਂ ਗੰਗਾਨਗਰ ਇੰਟਰਸਿਟੀ ਰੇਲ ਗੱਡੀ ਰਾਹੀਂ ਫ਼ਿਰੋਜ਼ਪੁਰ ਵਾਪਸ ਪਰਤਿਆ ਸੀ। ਰਾਕੇਸ਼ ਅਨੁਸਾਰ ਸਟੇਸ਼ਨ ’ਤੇ ਉਤਰਨ ਤੋਂ ਬਾਅਦ ਉਹ ਆਪਣੀ ਫੇਸਬੁੱਕ ਦੋਸਤ ਅਮਨਦੀਪ ਕੌਰ ਨੂੰ ਮਿਲਣ ਉਸ ਦੇ ਬਾਬਾ ਕਰਮ ਸਿੰਘ ਨਗਰ ਸਥਿਤ ਘਰ ਚਲਾ ਗਿਆ। ਉਹ ਅਜੇ ਉਸ ਦੇ ਘਰ ਬੈਠਾ ਹੀ ਸੀ ਕਿ ਇਸ ਦੌਰਾਨ 4 ਜਣੇ ਹੋਰ ਉਸ ਦੇ ਘਰ ਆ ਗਏ। ਕੁਝ ਦੇਰ ਬਾਅਦ ਪੰਜਾਂ ਜਣਿਆਂ ਨੇ ਮਿਲ ਕੇ ਉਸ ਦੀ ਕੁੱਟਮਾਰ ਕੀਤੀ ਤੇ ਫੋਨ ਖੋਹ ਕੇ ਉਸ ਦੇ ਖਾਤੇ ’ਚੋਂ ਜ਼ਬਰਦਸਤੀ 3,54,100 ਰੁਪਏ ਕਢਵਾ ਲਏ।