ਰਾਏਕੋਟ, 17 ਜੂਨ ( ਜਸਵੀਰ ਹੇਰਾਂ )-ਇੱਕ ਨਿੱਜੀ ਕੰਪਨੀ ਵਿੱਚ ਰਿਕਵਰੀ ਏਜੰਟ ਨੇ ਲੋਕਾਂ ਤੋਂ ਕਿਸ਼ਤ ਦੇ ਪੈਸੇ ਇਕੱਠੇ ਕਰਕੇ ਕੰਪਨੀ ਕੋਲ ਜਮ੍ਹਾ ਨਾ ਕਰਵਾ ਕੇ 6,40,450 ਰੁਪਏ ਦੀ ਠੱਗੀ ਮਾਰ ਲਈ। ਜਿਸ ’ਤੇ ਰਿਕਵਰੀ ਏਜੰਟ ਖਿਲਾਫ ਥਾਣਾ ਸਿਟੀ ਰਾਏਕੋਟ ’ਚ ਮਾਮਲਾ ਦਰਜ ਕਰ ਲਿਆ ਗਿਆ। ਹੌਲਦਾਰ ਨਿਰਭੈ ਸਿੰਘ ਨੇ ਦੱਸਿਆ ਕਿ ਸਤਿਗੁਰ ਸਿੰਘ ਵਾਸੀ ਬਿਸ਼ਨਪੁਰਾ, ਸੁਨਾਮ ਨੇ ਦੱਸਿਆ ਕਿ ਉਹ ਏਅਰ ਇੰਡੀਆ ਫਿਨਕੈਪ ਕੰਪਨੀ ਪ੍ਰਾਈਵੇਟ ਲਿਮਟਿਡ ਬ੍ਰਾਂਚ ਰਾਏਕੋਟ ਵਿਖੇ ਬਤੌਰ ਮੈਨੇਜਰ ਕੰਮ ਕਰਦਾ ਹੈ। ਇਹ ਕੰਪਨੀ ਪਿੰਡਾਂ ਵਿੱਚ ਸਮੂਹਿਕ ਕਰਜ਼ੇ ਦੇਣ ਦਾ ਕੰਮ ਕਰਦੀ ਹੈ। ਜਿਸ ਦੀਆਂ ਕਿਸ਼ਤਾਂ ਸਟਾਫ਼ ਵਲੋਂ ਵਸੂਲੀਆਂ ਜਾਂਦੀਆਂ ਹਨ। ਤਲਵਿੰਦਰ ਸਿੰਘ ਵਾਸੀ ਮੂਸਾਪੁਰ ਐਸ.ਬੀ.ਐਸ.ਨਗਰ ਜੋ ਕਿ ਬਰਾਂਚ ਵਿੱਚ ਬਤੌਰ ਫੀਲਡ ਅਫਸਰ ਲੱਗਾ ਹੋਇਆ ਸੀ ਅਤੇ ਇਲਾਕੇ ਵਿੱਚ ਕਰਜ਼ੇ ਦੀਆਂ ਕਿਸ਼ਤਾਂ ਵਸੂਲਦਾ ਸੀ। ਕੁਝ ਸਮੇਂ ਤੋਂ ਉਸ ਨੇ ਇਲਾਕੇ ਵਿੱਚੋਂ ਕਿਸ਼ਤਾਂ ਇਕੱਠੀਆਂ ਕਰਕੇ ਕੰਪਨੀ ਦੀ ਬਰਾਂਚ ਵਿੱਚ ਪੈਸੇ ਜਮ੍ਹਾਂ ਕਰਵਾਏ, ਪਰ ਸਾਲ 2022 ਤੋਂ ਤਲਵਿੰਦਰ ਸਿੰਘ ਉਕਤ ਕੰਪਨੀ ਦੇ ਕਰੀਬ 65 ਗਾਹਕਾਂ ਤੋਂ ਕਰਜ਼ੇ ਦੀਆਂ ਕਿਸ਼ਤਾਂ ਦੇ ਪੈਸੇ, ਲੋਨ ਬੰਦ ਹੋਣ ਦੇ ਪੈਸੇ ਅਤੇ ਨਵੇਂ ਕਰਜ਼ੇ ਦੀਆਂ ਫੀਸਾਂ ਵਸੂਲ ਕੇ, ਜੋ ਕਿ 6.40,450 ਰੁਪਏ ਸਨ, ਨੂੰ ਇਕੱਠਾ ਕਰਕੇ ਆਪਣੇ ਕੋਲ ਰੱਖਿਆ ਅਤੇ ਕੰਪਨੀ ਕੋਲ ਜਮ੍ਹਾਂ ਨਹੀਂ ਕਰਵਾਇਆ। ਉਸਨੇ ਦਸੰਬਰ 2022 ਵਿੱਚ ਬਿਨਾਂ ਦੱਸੇ ਕੰਪਨੀ ਛੱਡ ਦਿੱਤੀ ਸੀ। ਇਸ ਸ਼ਿਕਾਇਤ ਦੀ ਜਾਂਚ ਡੀਐਸਪੀ ਰਛਪਾਲ ਸਿੰਘ ਨੇ ਕੀਤੀ। ਜਾਂਚ ਤੋਂ ਬਾਅਦ ਤਲਵਿੰਦਰ ਸਿੰਘ ਖਿਲਾਫ ਥਾਣਾ ਸਿਟੀ ਰਾਏਕੋਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ।