ਮੋਬਾਈਲ ਚੋਰੀ ਕਰਨ ਆਏ ਨਸ਼ੇੜੀ ਨੇ ਕੀਤਾ ਕਤਲ, ਕਾਬੂ
ਜਗਰਾਉਂ, 21 ਜੂਨ ( ਰਾਜੇਸ਼ ਜੈਨ, ਜਹਰੂਪ ਸੋਹੀ, ਮੋਹਿਤ ਜੈਨ )-ਸੋਮਵਾਰ ਦੇਰ ਰਾਤ ਪਿੰਡ ਕੋਠੇ ਰਾਹਲਾਂ ਵਿਖੇ ਇਕ ਅੰਗਹੀਣ ਵਿਅਕਤੀ ਦੀ ਹੋਈ ਸ਼ੱਕੀ ਮੌਤ ਦੇ ਮਾਮਲੇ ’ਚ ਪੁਲਸ ਨੇ ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਮਹਿਜ਼ 6 ਘੰਟਿਆਂ ’ਚ ਹੀ ਦੋਸ਼ੀ ਨੂੰ ਗਿ੍ਰਫ਼ਤਾਰ ਕਰਕੇ ਉਸ ਕੋਲੋਂ ਮਿ੍ਰਤਕ ਜਾ ਚੋਰੀ ਕੀਤਾ ਹੋਇਆ ਮੋਬਾਈਲ ਫੋਨ ਬਰਾਮਦ ਕੀਤਾ। ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਕੋਠੇ ਰਾਹਲਾਂ ਵਿੱਚ ਇੱਕ ਅਪਾਹਜ ਵਿਅਕਤੀ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਲਈ ਐਸਪੀ ਡੀ ਹਰਿੰਦਰਪਾਲ ਸਿੰਘ ਪਰਮਾਰ ਅਤੇ ਡੀਐਸਪੀ ਸਤਵਿੰਦਰ ਸਿੰਘ ਵਿਰਕ ਦੀ ਅਗਵਾਈ ਵਿੱਚ ਥਾਣਾ ਸਿਟੀ, ਥਾਣਾ ਸਦਰ ਅਤੇ ਸੀ.ਆਈ.ਏ ਸਟਾਫ਼ ਨੇ ਤਿੰਨ ਵੱਖ-ਵੱਖ ਟੀਮਾਂ ਬਣਾਈਆਂ। ਜਿਸ ’ਚ ਥਾਣਾ ਸਿਟੀ ਦੇ ਇੰਚਾਰਜ ਡੀ.ਐੱਸ.ਪੀ ਦੀਪਕਰਨ ਸਿੰਘ ਤੂਰ ਦੀ ਅਗਵਾਈ ’ਚ ਗਠਿਤ ਟੀਮ ਨੇ 6 ਘੰਟਿਆਂ ’ਚ ਦੋਸ਼ੀ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ। ਉਸ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਪ੍ਰੀਤਮ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਭਨੋਹਟ ਥਾਣਾ ਮੁੱਲਾਂਪੁਰ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਸੀ ਕਿ ਉਸ ਦਾ ਲੜਕਾ ਜਸਵਿੰਦਰ ਸਿੰਘ 4 ਸਾਲਾਂ ਤੋਂ ਕੋਠੇ ਰਾਹਲਾਂ ਵਾਲੇ ਘਰ ਵਿੱਚ ਇਕੱਲਾ ਰਹਿ ਰਿਹਾ ਸੀ। ਉਸ ਦਾ ਦੋ ਵਾਰ ਵਿਆਹ ਹੋਇਆ ਸੀ ਅਤੇ ਉਨ੍ਹਾਂ ਵਿੱਚੋਂ ਕਿਸੇ ਦੇ ਵੀ ਬੱਚੇ ਨਹੀਂ ਸਨ ਅਤੇ ਉਹ ਦੋਵਾਂ ਪਤਨੀਆਂ ਤੋਂ ਤਲਾਕਸ਼ੁਦਾ ਸੀ। ਪ੍ਰੀਤਮ ਕੌਰ ਦੀ ਭਤੀਜੀ ਛਿੰਦਰ ਕੌਰ ਜੋ ਕੋਠੇ ਰਾਹਲਾਂ ਵਿਖੇ ਰਹਿੰਦੀ ਹੈ। ਉਸ ਨੇ ਫੋਨ ਕਰਕੇ ਦੱਸਿਆ ਕਿ ਜਸਵਿੰਦਰ ਸਿੰਘ ਆਪਣੇ ਘਰ ਵਿਚ ਡਿੱਗਿਆ ਪਿਆ ਹੈ ਅਤੇ ਘਰ ਨੂੰ ਅੰਦਰੋਂ ਤਾਲਾ ਲੱਗਾ ਹੋਇਆ ਹੈ। ਜਦੋਂ ਉਨ੍ਹਾਂ ਮੌਕੇ ’ਤੇ ਪਹੁੰਚੇ ਤਾਂ ਦੇਖਿਆ ਕਿ ਜਸਵਿੰਦਰ ਸਿੰਘ ਦੀ ਲਾਸ਼ ਮੰਜੇ ਕੋਲ ਪਈ ਸੀ ਅਤੇ ਉਸ ਦਾ ਗਲਾ ਬੈਲਟ ਨਾਲ ਘੁੱਟਿਆ ਹੋਇਆ ਸੀ ਅਤੇ ਉਸ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ। ਜਸਵਿੰਦਰ ਸਿੰਘ, ਜਿਸ ਨੂੰ ਕੁਝ ਸਮਾਂ ਪਹਿਲਾਂ ਨਵਾਂ ਫ਼ੋਨ ਲੈ ਕੇ ਦਿੱਤਾ ਗਿਆ ਸੀ, ਉੱਥੇ ਨਹੀਂ ਸੀ। ਇਸ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਕੇ ਕੀਤੀ ਜਾਂਚ ਦੌਰਾਨ ਪੁਲਿਸ ਪਾਰਟੀਆਂ ਵੱਲੋਂ ਪਿੰਡ ਦੇ ਕਰੀਬ ਦਸ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲਿਆ ਗਿਆ। ਜਿਸ ਵਿੱਚੋਂ 23 ਸਾਲਾ ਅਮਨਦੀਪ ਸਿੰਘ ਉਰਫ਼ ਦੀਪੂ ਵਾਸੀ ਕੋਠੇ ਰਾਹਲਾਂ ਜੋ ਕਿ ਜਸਵਿੰਦਰ ਸਿੰਘ ਦੇ ਗੁਆਂਢ ਵਿੱਚ ਰਹਿੰਦਾ ਸੀ। ਜਦੋਂ ਉਸ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਅਤੇ ਦੱਸਿਆ ਕਿ ਉਹ ਨਸ਼ੇ ਦਾ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਕਰਨ ਲਈ ਜਸਵਿੰਦਰ ਸਿੰਘ ਦਾ ਮੋਬਾਈਲ ਫੋਨ ਚੋਰੀ ਕਰਨ ਲਈ ਉਹ ਰਾਤ ਸਮੇਂ ਘਰ ਦਾ ਮੇਨ ਗੇਟ ਟੱਪ ਕੇ ਅੰਦਰ ਚਲਾ ਗਿਆ। ਜਦੋਂ ਉਹ ਮੋਬਾਈਲ ਫ਼ੋਨ ਚੁੱਕ ਰਿਹਾ ਸੀ ਤਾਂ ਉਸੇ ਸਮੇਂ ਜਸਵਿੰਦਰ ਸਿੰਘ ਜਾਗ ਪਿਆ ਅਤੇ ਉਸ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਜਿਸ ’ਤੇ ਉਸ ਨੇ ਗਲੇ ’ਚ ਬੈਲਟ ਪਾ ਕੇ ਉਸ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਮੋਬਾਈਲ ਫੋਨ ਲੈ ਕੇ ਭੱਜ ਗਿਆ। ਪੁਲੀਸ ਪਾਰਟੀ ਨੇ ਉਸ ਕੋਲੋਂ ਮ੍ਰਿਤਕ ਦਾ ਚੋਰੀ ਕੀਤਾ ਮੋਬਾਈਲ ਬਰਾਮਦ ਕਰ ਲਿਆ ਅਤੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ।