ਗੁਰੂਸਰ ਸੁਧਾਰ 21 ਜੂਨ (ਜਸਵੀ੍ਰ ਸਿੰਘ ਹੇਰਾਂ):ਡੈਮੇਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ,ਜਨਰਲ ਸਕੱਤਰ ਬਲਬੀਰ ਲੌਗੋਵਾਲ, ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਦਲਜੀਤ ਸਿੰਘ ਸਮਰਾਲਾ, ਜ਼ਿਲ੍ਹਾ ਸਕੱਤਰ ਹਰਜੀਤ ਸਿੰਘ ਸੁਧਾਰ, ਦਵਿੰਦਰ ਸਿੰਘ ਸਿੱਧੂ, ਜਥੇਬੰਦਕ ਸਕੱਤਰ ਗੁਰਪ੍ਰੀਤ ਖੰਨਾ, ਮੀਤ ਪ੍ਰਧਾਨ ਗੁਰਦੀਪ ਹੇਰਾਂ, ਵਿੱਤ ਸਕੱਤਰ ਗੁਰਬਚਨ ਖੰਨਾ ਅਤੇ ਪ੍ਰੈਸ ਸਕੱਤਰ ਹੁਸ਼ਿਆਰ ਸਿੰਘ ਮਾਛੀਵਾੜਾ ਨੇ ਇਹ ਪ੍ਰੈਸ ਬਿਆਨ ਜਾਰੀ ਕਰਦਿਆ ਕਿਹਾ ਕਿ ਬਲਾਕ ਪ੍ਰਾਇਮਰੀ ਸਿੱਖਿਆ ਅਫਸ਼ਰਾਂ ਦੀਆਂ ਖਾਲੀ ਅਸਾਮੀਆਂ ਪੁਰ ਕਰਨ ਨਾਲ ਹੀ ਸਿੱਖਿਆ ਵਿਚ ਸੁਧਾਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਸਿੱਖਿਆ ਤੋਂ ਹੀ ਬੱਚਿਆਂ ਦੀ ਮੁਢਲੀ ਪਡ਼੍ਹਾਈ ਦਾ ਮੁੱਢ ਬੱਝਦਾ ਹੈ। 1947 ਤੋਂ ਲੈ ਕੇ ਹੁਣ ਤੱਕ ਸੂਬੇ ਅੰਦਰ ਬਣਨ ਵਾਲੀਆਂ ਰੰਗ-ਬਰੰਗੀਆਂ ਸਰਕਾਰਾਂ ਵੱਲੋਂ ਸਿੱਖਿਆ ਵਿਚ ਸੁਧਾਰ ਕਰਨ ਦੇ ਅਨੇਕਾਂ ਦਮਗਜੇ ਮਾਰੇ ਗਏ,ਪਰ ਅਸਲੀਅਤ ਵਿਚ ਕਿਸੇ ਨੇ ਵੀ ਨਾਂ ਤਾਂ ਪ੍ਰਾਇਮਰੀ ਸਕੂਲਾਂ ਵਿਚ ਅਧਿਆਪਕ ਪੂਰੇ ਕੀਤੇ ਅਤੇ ਨਾਂ ਹੀ ਇੰਨ੍ਹਾਂ ਸਕੂਲਾਂ ਨੂੰ ਚਲਾਉਣ ਵਾਲੇ ਬਲਾਕ ਪ੍ਰਾਇਮਰੀ ਸਿੱਖਿਆ ਅਫਸ਼ਰਾਂ ਦੀਆਂ ਅਸਾਮੀਆਂ ਪੂਰੀਆਂ ਕਰਨ ਨੂੰ ਤਰਜੀਹ ਦਿੱਤੀ,ਜਿਸ ਕਾਰਨ ਆਏ ਦਿਨ ਸਿੱਖਿਆ ਵਿਚ ਸੁਧਾਰ ਹੋਣ ਦੀ ਬਾਜਾਏ ਵਿਗਾਡ਼ ਹੀ ਪੈਦਾ ਹੋ ਰਿਹਾ ਹੈ। ਅਧਿਆਪਕ ਆਗੂਆਂ ਨੇ ਦੱਸਿਆ ਕਿ ਇਸ ਸਮੇਂ ਪੰਜਾਬ ਦੇ 228 ਬਲਾਕ ਪ੍ਰਾਇਮਰੀ ਸਿੱਖਿਆ ਅਫਸ਼ਰਾਂ ਦੀਆਂ ਅਸਾਮੀਆਂ ਵਿਚੋਂ 111ਅਸਾਮੀਆਂ ਖਾਲੀ ਪਈਆਂ ਹਨ। ਜ਼ਿਲ੍ਹੇ ਵਾਰ ਖਾਲੀ ਅਸਾਮੀਆਂ ਦਾ ਬਿਓਰਾ ਦਿੰਦੇ ਸੂਬਾਈ ਅਧਿਆਪਕ ਆਗੂਆਂ ਨੇ ਦੱਸਿਆ ਕਿ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਸਿੱਖਿਆ ਮੰਤਰੀ ਪੰਜਾਬ ਦੇ ਜ਼ਿਲ੍ਹੇ ਰੂਪ ਨਗਰ ਵਿਚ 10 ਬੀ.ਪੀ.ਈ.ਓਜ਼ ਦੀਆਂ ਅਸਾਮੀਆਂ ਵਿਚੋਂ 10 ਹੀ ਖਾਲੀ ਹਨ। ਜ਼ਿਲ੍ਹਾ ਜਲੰਧਰ ਵਿਚ 17 ਵਿਚੋਂ 5,ਸ਼ਹੀਦ ਭਗਤ ਸਿੰਘ ਨਗਰ ਵਿਚ 7 ਵਿਚੋਂ 6,ਹੁਸ਼ਿਆਰਪੁਰ ਵਿਚ 21 ਵਿਚੋਂ 18,ਅੰਮ੍ਰਿਤਸ਼ਰ ਵਿਚ 15 ਵਿਚੋ 14,ਲੁਧਿਆਣਾ ਵਿਚ 19 ਵਿਚੋਂ 14,ਕਪੂਰਥਲਾ ਵਿਚ 9 ਵਿਚੋਂ 6,ਮੋਹਾਲੀ ਵਿਚ 8 ਵਿਚੋਂ 2,ਮਾਨਸਾ ਵਿਚ 5 ਵਿਚੋ 4,ਤਰਨਤਾਰਨ ਵਿਚ 9 ਵਿਚੋ 3,ਪਟਿਆਲਾ ਵਿਚ 16 ਵਿਚੋ 2,ਪਠਾਨਕੋਟ ਵਿਚ 7 ਵਿਚੋ 3,ਫਾਜਿਲਕਾ ਵਿਚ 8 ਵਿਚੋ 1,ਮੁਕਤਸ਼ਰ ਸਾਹਿਬ ਵਿਚ 6 ਵਿਚੋ 3,ਬਠਿੰਡਾ ਵਿਚ 7 ਵਿਚੋ 5,ਫਰੀਦਕੋਟ ਵਿਚ 5 ਵਿਚੋ 1,ਸੰਗਰੂਰ ਵਿਚ 9 ਵਿਚੋ 2,ਮਲੇਰਕੋਟਲਾ ਵਿਚ 3 ਵਿਚੋ 1ਅਤੇ ਗੁਰਦਾਸਪੁਰ ਵਿਚ 19 ਵਿਚੋ 8 ਬੀ.ਪੀ.ਈ.ਓਜ਼ ਦੀਆਂ ਅਸਾਮੀਆਂ ਖਾਲੀ ਹਨ। ਉਨ੍ਹਾਂ ਕਿਹਾ ਕਿ ਇੰਨ੍ਹੀਆਂ ਅਸਾਮੀਆਂ ਖਾਲੀ ਹੋਣ ਕਾਰਨ ਸਿੱਖਿਆ ਦੇ ਮੁਢਲੇ ਅਧਾਰ ’ਤੇ ਪ੍ਰਾਇਮਰੀ ਸਿੱਖਿਆ ,ਮਿੱਡ ਡੇ ਮੀਲ,ਕਿਤਾਬਾਂ ਤੇ ਗ੍ਰਾਟਾਂ ਦੀ ਵੰਡ ਕਰਨ ਸਮੇਤ ਕਈ ਹੋਰ ਅਹਿਮ ਵਿੱਦਿਅਕ ਸਕੀਮਾਂ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ। ਅਨੇਕਾਂ ਅਸਾਮੀਆਂ ਖਾਲੀ ਹੋਣ ਕਾਰਨ ਇਕ ਬੀ.ਪੀ.ਈ.ਓ ਨੂੰ 2 ਤੋਂ ਲੈ ਕੇ 4-4 ਬਲਾਕਾਂ ਦਾ ਵਾਧੂ ਚਾਰਜ ਦੇ ਕੇ ਕੰਮ ਚਲਾਇਆ ਜਾ ਰਿਹਾ ਹੈ। ਇਸ ਕਾਰਨ ਜਿੱਥੇ ਬੀ.ਪੀ.ਈ.ਓਜ਼ ਨੂੰ ਮਾਨਸਿਕ ਦਬਾਅ ਝੱਲਣਾ ਪੈ ਰਿਹਾ ਹੈ,ਉੱਥੇ ਬਹੁਤ ਸਾਰੇ ਬਲਾਕਾਂ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ। ਅਧਿਆਪਕ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਬੀ,ਪੀ.ਈ.ਓ ਦੀਆਂ 75 ਫੀਸਦੀ ਤਰੱਕੀ ਕੋਟੇ ਅਨੁਸਾਰ ਅਤੇ 25 ਫੀਸਦੀ ਅਸਾਮੀਆਂ ਸਿੱਧੀ ਭਰਤੀ ਰਾਂਹੀ ਕਰਕੇ ਜਲਦ ਤੋਂ ਜਲਦ ਖਾਲੀ ਅਸਾਮੀਆਂ ਪੁਰ ਕੀਤੀਆਂ ਜਾਣ,ਤਾਂ ਕਿ ਪ੍ਰਾਇਮਰੀ ਸਿੱਖਿਆ ਵਿਚ ਕੁਝ ਸੁਧਾਰ ਹੋ ਸਕੇ।