ਕਾਰ ਸਵਾਰ ਗੁਰਸਿੱਖ ਵਿਅਕਤੀ ਨੂੰ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਕੁੱਟਮਾਰ
ਲੁਧਿਆਣਾ, 23 ਜੂਨ ( ਵਿਕਾਸ ਮਠਾੜੂ, ਅਮਨਦੀਪ ਰੀਹਲ)- ਲੁਧਿਆਣਾ ਦੇ ਸ਼ਿਮਲਾਪੁਰੀ ਸਥਿਤ ਕੁਆਲਿਟੀ ਚੌਕ ਵਿੱਚ ਮਮੂਲੀ ਗੱਲ ਨੂੰ ਲੈਕੇ ਦੋ ਧਿਰਾਂ ਵਿਚਾਲੇ ਆਪਸੀ ਤਕਰਾਰ ਹੋ ਗਿਆ । ਇਹ ਘਟਨਾ ਓਥੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਮੌਕੇ ਤੇ ਪਹੁੰਚੀ ਪੁਲਸ ਵੱਲੋਂ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਕਾਰ ਚਾਲਕ ਆਪਣੀ ਘਰਵਾਲੀ ਨੂੰ ਸਹੁਰੇ ਘਰ ਛੱਡਣ ਦੇ ਲਈ ਆਇਆ ਸੀ ਅਤੇ ਰਸਤੇ ਵਿੱਚ ਹੀ ਉਸਦਾ ਨੌਜਵਾਨਾਂ ਨਾਲ ਤਕਰਾਰ ਹੋ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਕਾਰ ਚਾਲਕ ਨੇ ਕਿਹਾ ਕਿ ਹੁੱਲੜਬਾਜ਼ੀ ਕਰਦੇ 3 ਮੋਟਰਸਾਈਕਲ ਸਵਾਰ ਨੌਜਵਾਨ ਆਏ ਅਤੇ ਗਾਲੀ ਗਲੋਚ ਕਰਨ ਤੋਂ ਬਾਅਦ ਉਸ ਨਾਲ ਕੁੱਟਮਾਰ ਕੀਤੀ ਗਈ। ਜਿਸ ਤੋਂ ਬਾਅਦ ਉਸ ਨੇ ਵੀ ਆਪਣੇ ਬਚਾਅ ਲਈ ਆਪਣੀ ਕ੍ਰਿਪਾਨ ਕੱਢੀ। ਉਨ੍ਹਾਂ ਨੌਜਵਾਨਾਂ ਵੱਲੋਂ ਕੁੱਟਮਾਰ ਕੀਤੀ ਗਈ ਅਤੇ ਦੁਕਾਨਦਾਰ ਦੀ ਮਦਦ ਨਾਲ ਉਸ ਨੇ ਆਪਣਾ ਬਚਾਅ ਕੀਤਾ ਅਤੇ ਫੋਣ ਕਰਕੇ ਆਪਣੇ ਰਿਸ਼ਤੇਦਾਰਾਂ ਨੂੰ ਸੱਦਿਆ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਮਾਮਲੇ ਸਬੰਧੀ ਜਾਂਚ ਦੀ ਗੱਲ ਕਹੀ ਹੈ ਅਤੇ ਕਿਹਾ ਕਿ ਸਾਰੇ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਪਤਾ ਚਲੇਗਾ।