ਜਗਰਾਉਂ, 28 ਜੂਨ ( ਬੌਬੀ ਸਹਿਜਲ, ਧਰਮਿੰਦਰ )-ਪੁਲਿਸ ਜ਼ਿਲ੍ਹਾ ਲੁਧਿਆਣਾ ਦੇਹਾਤੀ ਅਧੀਨ ਤਾਇਨਾਤ ਏ.ਐਸ.ਆਈ ਗੋਰਖਾ ਸ਼ਰਮਾ ਵਾਸੀ ਇੰਦਰਾ ਕਲੋਨੀ ਬੈਕਸਾਈਡ ਖ਼ਾਲਸਾ ਸਕੂਲ ਜਗਰਾਉਂ ਆਪਣੇ ਸਹੁਰੇ ਘਰ ਕਿਸੇ ਪਰਿਵਾਰਕ ਝਗੜੇ ਦਾ ਨਿਪਟਾਰਾ ਕਰਨ ਲਈ ਗਿਆ ਹੋਇਆ ਸੀ। ਉਸ ਸਮੇਂ ਹੋਏ ਝਗੜੇ ਦੌਰਾਨ ਉਸ ਦੇ ਸਾਲੇ ਦੇ ਲੜਕੇ ਨੇ ਸਾਥੀਆਂ ਸਮੇਤ ਉਸ ’ਤੇ ਹਮਲਾ ਕਰ ਦਿੱਤਾ। ਜਿਸ ਵਿਚ ਉਸ ਦੀ ਲੱਤ ਟੁੱਟ ਗਈ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਹਾਲਤ ਵਿਚ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ। ਚੌਕੀ ਕਾਉਂਕੇ ਕਲਾਂ ਦੇ ਇੰਚਾਰਜ ਸਬ-ਇੰਸਪੈਕਟਰ ਜਗਰਾਜ ਸਿੰਘ ਨੇ ਦੱਸਿਆ ਕਿ ਗੋਰਖਾ ਸ਼ਰਮਾ ਨੇ ਬਿਆਨ ’ਚ ਕਿਹਾ ਕਿ ਉਸ ਨੂੰ ਮੇਰੇ ਸਾਲੇ ਰਜਿੰਦਰ ਸਿੰਘ ਵਾਸੀ ਡਾਂਗੀਆ ਦਾ ਫੋਨ ਆਇਆ ਸੀ ਕਿ ਮੇਰਾ ਭਤੀਜਾ ਗੁਰਵਿੰਦਰ ਸਿੰਘ ਉਰਫ਼ ਬੌਬੀ, ਹਰਜਿੰਦਰ ਸਿੰਘ ਵਾਸੀ ਡਾਂਗੀਆ, ਸੁੱਖਾ ਵਾਸੀ ਡੱਲਾ ਅਤੇ ਦੋ ਤਿੰਨ ਅਣਪਛਾਤੇ ਵਿਅਕਤੀ ਸਾਡੇ ਘਰ ਦੇ ਬਾਹਰ ਲਲਕਾਰੇ ਮਾਰ ਰਹੇ ਹਨ ਅਤੇ ਸਾਡੇ ਨਾਲ ਲੜਾਈ ਕਰਨ ਲਈ ਤਿਆਰ ਹਨ। ਜਿਸ ’ਤੇ ਉਸ ਨੇ ਕਿਹਾ ਕਿ ਤੁਸੀਂ ਗੇਟ ਨਾ ਖੋਲ੍ਹੋ, ਮੈਂ ਹੁਣ ਆ ਰਿਹਾ ਹਾਂ। ਆਪਾਂ ਬੈਠ ਕੇ ਗੱਲ ਕਰਾਂਗੇ। ਉਸ ਸਮੇਂ ਮੈਂ ਅਤੇ ਮੇਰੀ ਪਤਨੀ ਸੁਖਜੀਤ ਕੌਰ ਪਿੰਡ ਡਾਂਗੀਆ ਵਿਖੇ ਗਏ ਤਾਂ ਦੇਖਿਆ ਕਿ ਮੇਰੇ ਸਾਲੇ ਰਾਜਿੰਦਰ ਸਿੰਘ ਦੇ ਘਰ ਦੇ ਸਾਹਮਣੇ ਗੁਰਵਿੰਦਰ ਸਿੰਘ ਉਰਫ਼ ਬੌਬੀ, ਹਰਜਿੰਦਰ ਸਿੰਘ ਵਾਸੀ ਡਾਂਗੀਆ, ਡੱਲਾ ਵਾਸੀ ਸੁੱਖਾ ਅਤੇ ਦੋ-ਤਿੰਨ ਅਣਪਛਾਤੇ ਵਿਅਕਤੀ ਹਥਿਆਰਾਂ ਸਮੇਤ ਲਲਕਾਰੇ ਮਾਰ ਰਹੇ ਸਨ। ਮੇਰੀ ਕਾਰ ਦਾ ਹਾਰਨ ਸੁਣ ਕੇ ਮੇਰੇ ਸਾਲੇ ਰਾਜਿੰਦਰ ਸਿੰਘ ਨੇ ਘਰ ਦਾ ਗੇਟ ਖੋਲ੍ਹ ਕੇ ਬਾਹਰ ਆ ਗਿਆ। ਜਦੋਂ ਅਸੀਂ ਕਾਰ ਅੰਦਰ ਕਰਨ ਲੱਗੇ ਤਾਂ ਉਕਤ ਸਾਰੇ ਲੋਕ ਦੌੜ ਕੇ ਉਥੇ ਆ ਗਏ ਅਤੇ ਜਦੋਂ ਰਜਿਦਰ ਸਿੰਘ ਬਾਹਰ ਆਇਆ ਤਾਂ ਉਨ੍ਹਾਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਘਰ ’ਚ ਦਾਖਲ ਹੋ ਕੇ ਰਸੋਈ ਦੀ ਭੰਨਤੋੜ ਕੀਤੀ ਅਤੇ ਮੇਰੀ ਕਾਰ ਦੀ ਵੀ ਭੰਨ-ਤੋੜ ਕੀਤੀ। ਜਦੋਂ ਮੈਂ ਉਨ੍ਹਾਂ ਦੇ ਬਚਾਅ ਲਈ ਅੱਗੇ ਆਇਆ ਤਾਂ ਉਨ੍ਹਾਂ ਨੇ ਮੇਰੀ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਿਸ ਵਿੱਚ ਉਸਦੀ ਇੱਕ ਬਾਂਹ ਅਤੇ ਲੱਤ ਟੁੱਟ ਗਈ। ਜਦੋਂ ਅਸੀਂ ਰੌਲਾ ਪਾਇਆ ਤਾਂ ਉਹ ਸਾਰੇ ਹਥਿਆਰਾਂ ਸਮੇਤ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਗੋਰਖਾ ਸ਼ਰਮਾ ਦੇ ਬਿਆਨਾਂ ’ਤੇ ਥਾਣਾ ਸਦਰ ਜਗਰਾਉਂ ਵਿੱਚ ਗੁਰਵਿੰਦਰ ਸਿੰਘ, ਹਰਜਿੰਦਰ ਸਿੰਘ ਵਾਸੀ ਡਾਂਗੀਆ, ਡੱਲਾ ਵਾਸੀ ਸੁੱਖਾ ਅਤੇ ਦੋ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।