ਬੀਐੱਸਐੱਫ ਤੇ ਪੁਲਿਸ ਨੇ ਸਾਂਝੇ ਤੌਰ ’ਤੇ ਕੀਤੀ ਕਾਰਵਾਈ
ਖੇਮਕਰਨ (ਧਰਮਿੰਦਰ) ਕਸਬਾ ਖੇਮਕਰਨ ਦੇ ਨੇੜਲੇ ਪਿੰਡ ਭੂਰਾ ਕੋਹਨਾ ਇਲਾਕ਼ੇ ਵਿਚ ਪਾਕਿਸਤਾਨੀ ਤਸਕਰਾਂ ਵੱਲੋਂ ਭੇਜਿਆ ਡਰੋਨ ਸਰਹੱਦ ਤੋਂ ਕਾਫ਼ੀ ਅੰਦਰ ਖੇਤਾਂ ‘ਚੋਂ ਬਰਾਮਦ ਹੋਇਆ। ਕਿਸਾਨ ਵੱਲੋਂ ਸਥਾਨਕ ਪੁਲਿਸ ਨੂੰ ਇਤਲਾਹ ਦੇਣ ਮਗਰੋਂ ਡੀਐੱਸਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਤੇ ਖੇਮਕਰਨ ਪੁਲਿਸ ਮੌਕੇ ’ਤੇ ਪਹੁੰਚੀ ਤੇ ਡਰੋਨ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ। ਜਾਣਕਾਰੀ ਅਨੁਸਾਰ ਡਰੋਨ ਦੇ ਨੇੜਿਓਂ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ। ਮੰਨਿਆ ਜਾ ਰਿਹਾ ਹੈ ਕਿ ਤਸਕਰ ਇਸ ਡਰੋਨ ਦੇ ਨਾਲ ਆਈ ਹੋਈ ਖ਼ੇਪ ਨੂੰ ਲੈ ਕੇ ਜਾਣ ਵਿਚ ਸਫ਼ਲ ਹੋ ਗਏ ਹਨ ਤੇ ਡਰੋਨ ਨੂੰ ਤੋੜ ਕੇ ਛੱਡ ਗਏ ਹਨ। ਗੌਰਤਲਬ ਹੈ ਕਿ ਤਸਕਰਾਂ ਵੱਲੋਂ ਡਰੋਨ ਰਾਹੀਂ ਤਸਕਰੀ ਕਰਨ ਦੇ ਢੰਗ ਨੂੰ ਬਦਲਦੇ ਹੋਏ ਲੰਬੀ ਦੂਰੀ ਤੈਅ ਕਰਨ ਵਾਲੇ ਡਰੋਨ ਵਰਤ ਕੇ ਬਾਰਡਰ ਤੋਂ ਤਿੰਨ ਚਾਰ ਕਿਲੋਮੀਟਰ ਅੰਦਰ ਭਾਰਤ ਵਾਲੇ ਪਾਸੇ ਤਕ ਹੈਰੋਇਨ ਦੀ ਸਪਲਾਈ ਕੀਤੀ ਜਾ ਰਹੀ ਹੈ ਜਿਸ ਨਾਲ ਤਸਕਰ ਆਸਾਨੀ ਨਾਲ ਬੀਐੱਸਐੱਫ ਦੀਆਂ ਨਜ਼ਰਾਂ ਤੋਂ ਬਚ ਕੇ ਤਸਕਰੀ ਕਰਨ ਵਿਚ ਕਾਮਯਾਬ ਹੋ ਰਹੇ ਹਨ। ਕੁਝ ਦਿਨ ਪਹਿਲਾਂ ਵੀ ਪਿੰਡ ਲਾਖਨਾ ਵਿਖੇ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿਥੇ ਇਸੇ ਤਰ੍ਹਾਂ ਦਾ ਹੀ ਡਰੋਨ ਖੇਤਾਂ ਵਿੱਚੋਂ ਮਿਲ਼ਿਆ ਸੀ।ਇਸ ਸਬੰਧੀ ਡੀਐੱਸਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਲੰਘੀ ਰਾਤ ਇਥੇ ਤਾਇਨਾਤ ਬੀਐੱਸਐੱਫ ਵੱਲੋਂ ਸਰਹੱਦੀ ਚੌਂਕੀ ਮੀਆਂਵਾਲ਼ਾ ਦੇ ਇਲਾਕੇ ਵਿਚ ਡਰੋਨ ਦੀ ਹਰਕਤ ਨੋਟਿਸ ਕੀਤੀ ਗਈ ਸੀ ਜਿਸ ਕਾਰਨ ਇਸ ਡਰੋਨ ਬਾਰੇ ਸਾਂਝੇ ਤੌਰ ’ਤੇ ਸਰਚ ਮੁਹਿੰਮ ਚਲਾਈ ਗਈ ਸੀ। ਇਹ ਡਰੋਨ ਪਿੰਡ ਭੂਰਾ ਕੋਹਨਾ ਦੇ ਖੇਤਾਂ ਵਿੱਚੋਂ ਬਰਾਮਦ ਹੋਇਆ ਹੈ ਜਿਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।