ਮਾਮਲਾ -ਜਗਰਾਉਂ ਕੋਠੀ ਤੇ ਕਬਜੇ ਦਾ
ਜਗਰਾਉਂ, 6 ਜੁਲਾਈ ( ਰਾਜੇਸ਼ ਜੈਨ, ਭਗਵਾਨ ਭੰਗੂ)-ਐਨਆਰਆਈ ਪਰਿਵਾਰ ਦੀ ਕੋਠੀ ਉਪਰ ਜਾਅਲਸਾਜੀ ਤਰੀਕੇ ਤਹਿਤ ਇੰਤਕਾਲ ਕਰਵਾ ਕੇ ਕਾਬਜ਼ ਹੋਣ ਅਤੇ ਕੋਠੀ ਵਿੱਚ ਪਿਆ ਸਮਾਨ ਖ਼ੁਰਦ ਲਈ ਜੁੰਮੇਵਾਰ ਹਲਕੇ ਦੀ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ , ਸੁਖਵਿੰਦਰ ਸਿੰਘ, ਕਰਮ ਸਿੰਘ, ਅਸ਼ੋਕ ਕੁਮਾਰ ਅਤੇ ਇਸ ਨਾਲ ਸਬੰਧਿਤ ਅਧਿਕਾਰੀਆਂ ਤੇ ਕਾਰਵਾਈ ਕਰਵਾਉਣ ਅਤੇ ਚਰਚਿਤ ਕੋਠੀ ਦਾ ਇੰਤਕਾਲ ਮੁੜ ਐਨਆਰਆਈ ਅਮਰਜੀਤ ਕੌਰ ਦੇ ਨਾਂ ਕਰਵਾਉਣ ਲਈ ਐਨਆਰਆਈ ਜਾਇਦਾਦ ਬਚਾਓ ਐਕਸ਼ਨ ਕਮੇਟੀ ਦੀ ਮੀਟਿੰਗ ਚਮਕੌਰ ਸਿੰਘ ਬਰਮੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਜਗਸੀਰ ਸਿੰਘ ਗਿੱਲ, ਤਿਰਲੋਚਨ ਸਿੰਘ, ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ, ਜਮਹੂਰੀ ਕਿਸਾਨ ਸਭਾ ਦੇ ਆਗੂ ਗੁਰਮੇਲ ਸਿੰਘ ਰੂਮੀ, ਕੁਲ-ਹਿੰਦ ਕਿਸਾਨ ਸਭਾ ਦੇ ਆਗੂ ਚਮਕੌਰ ਸਿੰਘ ਬਰਮੀ,ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਸੁਖਦੇਵ ਸਿੰਘ ਭੂੰਦੜੀ, ਪੈਨਸ਼ਨਰਜ਼ ਯੂਨੀਅਨ ਦੇ ਜਗਦੀਸ਼ ਸਿੰਘ ਕਾਉਂਕੇ, ਪੰਜਾਬ ਕਿਸਾਨ ਸਭਾ ਦੇ ਬੂਟਾ ਸਿੰਘ ਚੱਕਰ, ਦਿਹਾਤੀ ਮਜ਼ਦੂਰ ਸਭਾ ਦੇ ਹੁਕਮ ਰਾਜ ਦੇਹੜਕਾ, ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਅਵਤਾਰ ਸਿੰਘ ਰਸੂਲਪੁਰ ਤੋਂ ਇਲਾਵਾ ਵੱਖ ਵੱਖ ਜਥੇਬੰਦੀਆਂ ਦੇ ਆਗੂ ਤੇ ਵਰਕਰ ਸ਼ਾਮਲ ਸਨ। ਮੀਟਿੰਗ ਵਿੱਚ ਐਨਆਰਆਈ ਪਰਿਵਾਰ ਦੀ ਕੋਠੀ ਕਬਜ਼ਾਉਣ, ਕੋਠੀ ‘ਚ ਪਏ ਸਮਾਨ ਨੂੰ ਖ਼ੁਰਦ ਬੁਰਦ ਦੇ ਮਾਮਲੇ ਵਿੱਚ ਸ਼ਾਮਿਲ ਲੋਕਾਂ ਉਪਰ ਕਾਰਵਾਈ ਕਰਵਾਉਣ ਲਈ ਸਰਬਸੰਮਤੀ ਨਾਲ ਇਕ ਹਫਤੇ ਦਾ ਸਮਾਂ ਦਿੱਤਾ ਗਿਆ। ਜੇਕਰ ਯੋਗ ਕਾਰਵਾਈ ਨਹੀਂ ਹੁੰਦੀ ਤਾਂ 17 ਜੁਲਾਈ ਨੂੰ ਐਸ ਐਸ ਪੀ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਜਾਵੇਗਾ। ਮੀਟਿੰਗ ਵਿੱਚ ਫੈਸਲਾ ਕੀਤਾ ਕਿ ਉਕਤ ਮਾਮਲਿਆਂ ਦੇ ਹੱਲ ਅਧਿਕਾਰੀਆਂ ਵਲੋਂ ਇਸ ਮਾਮਲੇ ਚ ਹੁਣ ਤੱਕ ਕੀਤੀ ਕਾਰਵਾਈ ਜਾਨਣ ਲਈ 10 ਜੁਲਾਈ ਸੋਮਵਾਰ ਸਵੇਰੇ 10 ਵਜੇ ਐਸ ਡੀ ਐਮ ਜਗਰਾਉਂ ਅਤੇ ਐਸ ਐਸ ਪੀ ਲੁਧਿਆਣਾ ਦਿਹਾਤੀ ਨੂੰ ਵੱਡਾ ਜਨਤਕ ਵਫਦ ਮਿਲਿਆ ਜਾਵੇਗਾ।