ਜਗਰਾਉਂ, 10 ਅਗਸਤ ( ਬੌਬੀ ਸਹਿਜਲ, ਧਰਮਿੰਦਰ)-ਥਾਣਾ ਸਦਰ ਦੀ ਪੁਲਿਸ ਪਾਰਟੀ ਨੇ ਚੋਰੀ ਦੇ ਮੋਟਰਸਾਈਕਲ ਸਸਤੇ ਭਾਅ ‘ਤੇ ਵੇਚਣ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਚੋਰੀ ਦੇ ਤਿੰਨ ਮੋਟਰਸਾਈਕਲ ਬਰਾਮਦ ਕੀਤੇ ਹਨ। ਥਾਣਾ ਸਦਰ ਤੋਂ ਏਐਸਆਈ ਹਰਪਾਲ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਪਿੰਡ ਰਾਮਗੜ੍ਹ ਭੁੱਲਰ ਵਿੱਚ ਚੈਕਿੰਗ ਲਈ ਮੌਜੂਦ ਸਨ। ਉਥੇ ਇਤਲਾਹ ਮਿਲੀ ਕਿ ਵਿਜੇ ਗਿੱਲ ਵਾਸੀ ਚੁੰਗੀ ਨੰਬਰ 7 ਮੁਹੱਲਾ ਰਾਣੀਵਾਲਾ ਖੂਹ ਨੇੜੇ ਲਾਲਾਂ ਵਾਲੇ ਪੀਰ ਦੀ ਜਗ੍ਹਾ ਜਗਰਾਉਂ ਅਤੇ ਕ੍ਰਿਸ਼ਨ ਸਿੰਘ ਵਾਸੀ ਮੁਹੱਲਾ ਕਬੀਰ ਨਗਰ ਮੋਟਰਸਾਈਕਲ ਚੋਰੀ ਕਰਕੇ ਅੱਗੇ ਸਸਤੇ ਭਾਅ ਵੇਚਦੇ ਹਨ। ਜੋ ਇਸ ਸਮੇਂ ਚੋਰੀ ਦੇ ਮੋਟਰਸਾਈਕਲ ‘ਤੇ ਸਿੱਧਵਾਂਬੇਟ ਤੋਂ ਪਿੰਡ ਰਾਮਗੜ੍ਹ ਭੁੱਲਰ ਰਾਹੀਂ ਜਗਰਾਉਂ ਨੂੰ ਜਾ ਰਹੇ ਹਨ। ਇਸ ਸੂਚਨਾ ‘ਤੇ ਪੁਲ ਸੂਆ ਰਾਮਗੜ੍ਹ ਭੁੱਲਰ ‘ਤੇ ਨਾਕਾਬੰਦੀ ਕਰਕੇ ਵਿਜੇ ਗਿੱਲ ਅਤੇ ਕ੍ਰਿਸ਼ਨ ਸਿੰਘ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ। ਪੁੱਛਗਿੱਛ ਤੋਂ ਬਾਅਦ ਉਸ ਕੋਲੋਂ ਦੋ ਹੋਰ ਚੋਰੀ ਦੇ ਮੋਟਰਸਾਈਕਲ ਵੀ ਬਰਾਮਦ ਹੋਏ। ਇਨ੍ਹਾਂ ਦੋਵਾਂ ਖ਼ਿਲਾਫ਼ ਥਾਣਾ ਸਦਰ ਜਗਰਾਉਂ ਵਿਖੇ ਕੇਸ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਲੋਕ ਚੋਰੀ ਕੀਤੇ ਮੋਟਰਸਾਈਕਲਾਂ ਨੂੰ ਕਿੱਥੇ ਵੇਚਦੇ ਸਨ।