ਜਗਰਾਓਂ, 12 ਅਗਸਤ ( ਜਗਰੂਪ ਸੋਹੀ)-ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਕਾਉਂਕੇ ਕਲਾਂ ਪਿੰਡ ਕਮੇਟੀ ਦੀ ਮੀਟਿੰਗ ਜਿਲਾ ਪਰਧਾਨ ਕਰਮਜੀਤ ਸਿੰਘ ਕਾਉਂਕੇ ਕਲਾਂ ਦੀ ਅਗਵਾਈ ਵਿੱਚ ਪਿੰਡ ਕਾਉਂਕੇ ਕਲਾਂ ਵਿਖੇ ਹੋਈ। ਮੀਟਿੰਗ ਵਿੱਚ ਇਲਾਕਾ ਪਰਧਾਨ ਹਰਦੇਵ ਸਿੰਘ ਆਖਾੜਾ ਵੀ ਸ਼ਾਮਿਲ ਹੋਏ। ਮੀਟਿੰਗ ਵਿੱਚ ਪੁਲਿਸ ਸਿਆਸੀ ਗੁੰਡਾ ਗੱਠਜੋੜ ਵਿਰੁੱਧ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ ਗਿਆ। ਜੋ ਗੁੰਡਾਗਰਦੀ ਦੇ ਪੀੜਤ, ਜਥੇਬੰਦੀ ਦੇ ਪਰਧਾਨ ਸ਼ਮਸ਼ੇਰ ਸਿੰਘ ਸ਼ੇਰਾ ਨੂੰ ਇਨਸਾਫ਼ ਮਿਲਣ ਤੱਕ ਜਾਰੀ ਰਹੇਗਾ। ਸੰਘਰਸ਼ ਦੀ ਸ਼ੁਰੂਆਤ 21 ਅਗਸਤ ਨੂੰ ਕਾਉਂਕੇ ਕਲਾਂ ਪੁਲਿਸ ਚੌਕੀ ਅਗੇ ਧਰਨਾ ਦੇ ਕੇ ਕੀਤੀ ਜਾਵੇਗੀ। ਤਿਆਰੀ ਲਈ 17 ਅਗਸਤ ਨੂੰ ਚੌਕੀ ਨਾਲ ਜੁੜੇ ਪਿੰਡਾਂ ਵਿੱਚ ਜੱਥਾ ਮਾਰਚ ਕੀਤਾ ਜਾਵੇਗਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਪਰਧਾਨ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਜੇਕਰ ਪੁਲਿਸ ਨੌਕਰੀ ਹਾਸਲ ਕਰਨ ਸਮੇਂ ਖਾਧੀ ਸਹੁੰ ਨੂੰ ਯਾਦ ਰੱਖੇ ਤਾਂ ਗੁੰਡਾਗਰਦੀ ਨੂੰ ਨੱਥ ਪਾਈ ਜਾ ਸਕਦੀ ਹੈ। ਸਰਕਾਰ ਚਲਾ ਰਹੇ ਵੋਟਾਂ ਹਾਸਿਲ ਕਰਨ ਸਮੇਂ ਕੀਤੇ ਵਾਅਦੇ ਕੁਰਸੀ ਮਿਲਣ ਉਪਰੰਤ ਭੁੱਲ ਜਾਂਦੇ ਹਨ। ਇਹੀ ਕਾਰਣ ਹੈ ਕਿ ਮੁਖ ਮੰਤਰੀ ਹੁੰਦੇ ਗਿਆਰਾਂ ਸਾਲ ਪਹਿਲਾਂ ਪੁਲਿਸ ਦੇ ਸਿਰ ਤੇ ਬੈਠਾਏ ਹਲਕਾ ਇੰਚਾਰਜ ਕਾਂਗਰਸ ਸਮੇਂ ਵੀ ਪੁਲਿਸ ਤੰਤਰ ਸਮੇਤ ਸਮੁਚੇ ਸਿਸਟਮ ਵਿੱਚ ਦਖਲਅੰਦਾਜੀ ਕਰਦੇ ਰਹੇ ਅਤੇ ਬਦਲਾਅ ਦੇ ਨਾਅਰੇ ਤਹਿਤ ਗੱਦੀਆਂ ਸਾਂਭਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਵੀ ਉਸੇ ਤਰ੍ਹਾਂ ਜਾਰੀ ਹੈ। ਜਦੋਂ ਕਿ ਚਾਹੀਦਾ ਤਾਂ ਇਹ ਹੈ ਕਿ ਜੇਕਰ ਕੋਈ ਅਧਿਕਾਰੀ ਕਾਨੂੰਨ ਦੀ ਉਲੰਘਣਾ ਕਰਦਿਆਂ ਲੋਕ ਹਿੱਤਾਂ ਦੇ ਵਿਰੁੱਧ ਜਾ ਰਿਹਾ ਹੋਵੇ ਤਾਂ ਸਰਕਾਰ ਜਾਂ ਸਰਕਾਰ ਚਲਾ ਰਹੀ ਪਾਰਟੀ ਦਖਲ ਦੇਵੇ। ਜੇਕਰ ਅੱਜ ਨਸ਼ੇ ਦਾ ਸ਼ਿਕਾਰ ਹੋਏ ਬੱਚਿਆਂ ਦੇ ਮਾਪੇ ਵਿਲਕਦੇ ਝੱਲ ਨਹੀਂ ਹੁੰਦੇ ਇਸਦਾ ਕਾਰਣ ਸਿਰਫ਼ ਤੇ ਸਿਰਫ਼ ਸਿਆਸੀ ਸ਼ਹਿ ਪਰਾਪਤ ਪੁਲਿਸ ਦੀ ਨਸ਼ਾ ਤਸਕਰਾਂ ਨਾਲ ਮਿਲੀ ਭੁਗਤ ਜਿੰਮੇਵਾਰ ਹੈ। ਧਰਨੇ ਦੌਰਾਨ ਨਸ਼ਿਆ ਸੰਬੰਧੀ ਵੀ ਆਵਾਜ਼ ਬੁਲੰਦ ਕੀਤੀ ਜਾਵੇਗੀ। ਉਨ੍ਹਾਂ ਸਾਰੇ ਇਨਸਾਫ਼ ਪਸੰਦ ਲੋਕਾਂ ਨੂੰ ਸੰਘਰਸ਼ ਵਿੱਚ ਸਹਿਯੋਗ ਵਿੱਚ ਸਹਿਯੋਗ ਦੇਣ ਦੀ ਅਪੀਲ ਹੈ।