ਖੰਨਾ(ਰਾਜੇਸ ਜੈਨ)ਖੰਨਾ ‘ਚ ਸਟੇਟ ਬੈਂਕ ਆਫ ਇੰਡੀਆ ਦਾ 50 ਲੱਖ ਦਾ ਕਰਜ਼ਾ ਨਾ ਮੋੜਨ ‘ਤੇ ਤਹਿਸੀਲਦਾਰ ਹਰਮਿੰਦਰ ਸਿੰਘ ਹੁੰਦਲ ਦੀ ਅਗਵਾਈ ਹੇਠਲੀ ਟੀਮ ਸਮੇਤ ਬੈਂਕ ਅਧਿਕਾਰੀਆਂ ਨੇ ਕਾਰਵਾਈ ਕੀਤੀ। ਬੈਂਕ ਅਧਿਕਾਰੀਆਂ ਨੇ ਪ੍ਰਸ਼ਾਸਨ ਦੀ ਟੀਮ ਨਾਲ ਮਿਲ ਕੇ ਸਬੰਧਤ ਵਿਅਕਤੀ ਦੇ ਘਰ ਨੂੰ ਜ਼ਬਤ ਕਰ ਲਿਆ ਹੈ। ਤਹਿਸੀਲਦਾਰ ਹਰਮਿੰਦਰ ਸਿੰਘ ਹੁੰਦਲ ਦੀ ਅਗਵਾਈ ਹੇਠ ਟੀਮ ਖ਼ਾਲਸਾ ਸਕੂਲ ਰੋਡ ‘ਤੇ ਪੁੱਜੀ, ਜਿੱਥੇ ਸਥਿਤ ਕੋਠੀ ਨੂੰ ਜ਼ਬਤ ਕਰਨ ਲਈ ਕਾਰਵਾਈ ਅਮਲ ‘ਚ ਲਿਆਂਦੀ ਗਈ। ਬੈਂਕ ਅਧਿਕਾਰੀਆਂ ਨੇ ਦੱਸਿਆ ਖਾਲਸਾ ਸਕੂਲ ਰੋਡ ‘ਤੇ ਰਹਿਣ ਵਾਲੇ ਵਿਅਕਤੀ ‘ਤੇ ਬੈਂਕ ਦਾ ਕਰੀਬ 50 ਲੱਖ ਰੁਪਏ ਦਾ ਬਕਾਇਆ ਸੀ, ਜੋ ਕਿ ਉਹ ਕਾਫੀ ਸਮੇਂ ਤੋਂ ਅਦਾ ਨਹੀਂ ਕਰ ਰਿਹਾ ਸੀ। ਸਬੰਧਤ ਵਿਅਕਤੀ ਨੂੰ ਕਰਜ਼ਾ ਮੋੜਨ ਦੇ ਕਈ ਮੌਕੇ ਦਿੱਤੇ ਗਏ, ਫਿਰ ਵੀ ਬੈਂਕ ਦਾ ਕਰਜ਼ਾ ਨਹੀਂ ਮੋੜਿਆ ਗਿਆ। ਕਰਜ਼ੇ ਦੀ ਅਦਾਇਗੀ ਨਾ ਹੋਣ ਕਾਰਨ ਬੈਂਕ ਨੇ ਪ੍ਰਸ਼ਾਸਨ ਤੇ ਪੁਲਿਸ ਦੀ ਹਾਜ਼ਰੀ ‘ਚ ਮਕਾਨ ਨੂੰ ਜ਼ਬਤ ਕਰਨ ਦੀ ਕਾਰਵਾਈ ਮੁਕੰਮਲ ਕਰ ਲਈ।