ਜਗਰਾਓਂ, 4 ਸਿਤੰਬਰ ( ਬੌਬੀ ਸਹਿਜਲ, ਧਰਮਿੰਦਰ )-ਪਿੰਡ ਅਖਾੜਾ ਦੀ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਸਾਲਾਨਾ ਚੋਣ ਮੀਟਿੰਗ ਹਰਦੇਵ ਸਿੰਘ ਅਖਾੜਾ ਦੀ ਅਗਵਾਈ ਵਿੱਚ ਪਿੰਡ ਅਖਾੜਾ ਦੇ ਪੰਚਾਇਤ ਘਰ ਵਿਖੇ ਹੋਈ। ਮੀਟਿੰਗ ਵਿੱਚ ਜਿਲਾ ਪ੍ਰਧਾਨ ਕਰਮਜੀਤ ਸਿੰਘ ਕਾਉਂਕੇ ਕਲਾਂ ਵੀ ਸ਼ਾਮਿਲ ਹੋਏ। ਮੀਟਿੰਗ ਵਿੱਚ ਸੁਖਦੇਵ ਸਿੰਘ ਨੂੰ ਸਰਬਸੰਮਤੀ ਨਾਲ ਪਿੰਡ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਪਹਿਲਾਂ ਵਾਲੀ ਕਮੇਟੀ ਦੀ ਗਿਣਤੀ ਵਿੱਚ ਵਾਧਾ ਕਰਦਿਆਂ ਗਿਆਰਾਂ ਮੈਂਬਰੀ ਪਿੰਡ ਕਮੇਟੀ ਦੀ ਚੋਣ ਕੀਤੀ ਗਈ। ਇਸ ਸਮੇਂ ਪਿਛਲੇ ਲੰਬੇ ਸਮੇਂ ਤੋਂ ਜੱਥੇਬੰਦੀ ਵਿੱਚ ਸਰਗਰਮ ਚਲੇ ਆ ਰਹੇ ਸਰਗਰਮ ਮੈਂਬਰਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਸੰਘਰਸ਼ਮਈ ਇਤਿਹਾਸ ਸੰਬੰਧੀ ਜਾਣਕਾਰੀ ਦਿੱਤੀ। ਮੈਂਬਰ ਅਤੇ ਅਹੁਦੇਦਾਰਾਂ ਦੀਆਂ ਕੀ ਜਿੰਮੇਵਾਰੀਆਂ ਹਨ ਉਸਤੋਂ ਜਾਣੂ ਕਰਵਾਇਆ ਗਿਆ। ਪੰਜਾਬ ਪ੍ਰਦਾਨ ਹਰਦੇਵ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਥੇ ਅੱਜ ਜਿਉਂਦੇ ਰਹਿਣ ਲਈ, ਜਿੰਦਗੀ ਦੀਆਂ ਜਰੂਰਤਾਂ ਪੂਰੀਆਂ ਕਰਨ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਉਥੇ ਸਿਸਟਮ ਦੀ ਦੇਣ ਚਿੱਟੇ ਵਰਗੇ ਘਾਤਕ ਨਸ਼ੇ ਤੋਂ ਆਪਣੇ ਧੀਆਂ ਪੁੱਤਰਾਂ ਨੂੰ ਬਚਾਉਣ ਦੀ ਚਿੰਤਾ ਮਿਹਨਤੀ ਲੋਕਾਂ ਘੁਣ ਵਾਂਗ ਖਾ ਰਹੀ ਹੈ। ਬਦਲਾਅ ਦੇ ਨਾਅਰੇ ਤਹਿਤ ਗੱਦੀਆਂ ਸਾਂਭਣ ਵਾਲੀ ਸਰਕਾਰ ਦਾ ਬਦਲਾਅ ਕਿਧਰੇ ਦਿਖਾਈ ਨਹੀਂ ਦਿੰਦਾ ਹੈ। ਕਿਸਾਨ ਜੱਥੇਬੰਦੀਆਂ ਦਾ ਸਾਂਝਾ ਸੰਘਰਸ਼ ਹੀ ਇੱਕੋ ਇੱਕ ਸਹਾਰਾ ਨਜ਼ਰ ਆ ਰਿਹਾ ਹੈ। ਹੜ੍ਹ ਅਤੇ ਸੋਕਾ ਹਰ ਸਾਲ ਮਾਰ ਕਰਦੇ ਹਨ। ਇਹ ਕੁਦਰਤੀ ਥਪੇੜਾ ਕਿਹਾ ਜਾ ਸਕਦਾ ਹੈ ਪਰ ਮੁੱਖ ਤੌਰ ਤੇ ਅੱਜ ਤੀਕ ਦੀਆਂ ਸਰਕਾਰਾਂ ਹੀ ਇਸ ਲਈ ਵੀ ਜਿੰਮੇਵਾਰ ਹਨ। ਇਸ ਤਰ੍ਹਾਂ ਦੀ ਆਫਤ ਆਉਣ ਤੇ ਨਾਮਾਤਰ ਮੁਆਵਜਾ ਦੇ ਕੇ ਪੱਲ੍ਹਾ ਝਾੜ ਲਿਆ ਜਾਂਦਾ ਹੈ ਜਦੋਂ ਕਿ ਜ਼ਰੂਰਤ ਏਕੜ ਨੂੰ ਇਕਾਈ ਮੰਨ ਕੇ ਪੂਰਾ ਮੁਆਵਜ਼ਾ ਦੇਣ ਲਈ ਕਾਨੂੰਨ ਬਣਾਉਣ ਦੀ ਹੈ। ਮੀਟਿੰਗ ਵਿੱਚ ਐਸ ਕੇ ਐਮ ਵੱਲੋਂ ਉਲੀਕੇ ਪਰੋਗਰਾਮਾਂ ਨੂੰ ਪੂਰੀ ਸਮਰੱਥਾ ਨਾਲ ਲਾਗੂ ਕਰਨ ਦਾ ਫ਼ੈਸਲਾ ਕੀਤਾ ਗਿਆ।