ਰਾਏਕੋਟ , 12 ਸਤੰਬਰ ( ਜਸਵੀਰ ਹੇਰਾਂ )- ਵਿਦੇਸ਼ ਭੇਜਣ ਦੇ ਨਾਂ ’ਤੇ 70 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਸਟਾਰ ਓਵਰਸੀਜ਼ ਦੇ ਜਲੰਧਰ ਕੇਅਰ, ਰਾਏਕੋਟ ਦੇ ਰਹਿਣ ਵਾਲੇ ਗੁਰਸੇਵਕ ਸਿੰਘ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਰਾਏਕੋਟ ਤੋਂ ਏਐਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਪਿੰਡ ਲੋਹਟਬਧੀ ਦੇ ਰਹਿਣ ਵਾਲੇ ਕੁਲਦੀਪ ਸਿੰਘ ਨੇ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਗੁਰਸੇਵਕ ਸਿੰਘ ਨੇ ਉਸ ਨੂੰ 70 ਹਜ਼ਾਰ ਰੁਪਏ ਵਿੱਚ ਦੁਬਈ ਵਰਕ ਪਰਮਿਟ ’ਤੇ ਭੇਜਣ ਲਈ ਗੱਲ ਤੈਅ ਕੀਤੀ ਸੀ। ਜੋ ਉਸ ਨੇ ਉਸ ਨੂੰ ਵੱਖ-ਵੱਖ ਸਮੇਂ ’ਤੇ ਉਸਨੂੰ ਦੇ ਦਿਤੇ। ਗੁਰਸੇਵਕ ਸਿੰਘ ਨੇ ਅਗਸਤ 2022 ਵਿੱਚ ਇੱਕ ਨੋਟਰੀ ਪਬਲਿਕ ਤੋਂ ਤਸਦੀਕਸ਼ੁਦਾ ਹਲਫੀਆ ਬਿਆਨ ਵੀ ਉਸਨੂੰ ਦਿਤਾ ਸੀ ਜਿਸ ਵਿਚ ਉਸਨੇ ਇਕਰਾਰ ਕੀਤਾ ਸੀ ਕਿ ਉਸਨੂੰ ਦੁਬਈ ਵਿੱਚ ਨੌਕਰੀ ਦਵਾਉਣ ਅਤੇ ਉਸਨੂੰ 12000 ਦਰਾਮ ਦੀ ਤਨਖਾਹ ਦੇਣ ਦਾ ਵਾਅਦਾ ਕੀਤਾ ਸੀ। ਇਸ ਦੇ ਬਾਵਜੂਦ ਗੁਰਸੇਵਕ ਸਿੰਘ ਨੇ ਸ਼ਿਕਾਇਤਕਰਤਾ ਨੂੰ ਦੁਬਈ ਨਹੀਂ ਭੇਜਿਆ ਅਤੇ ਉਸ ਨਾਲ 70 ਹਜ਼ਾਰ ਰੁਪਏ ਦੀ ਠੱਗੀ ਮਾਰੀ। ਇਸ ਸ਼ਿਕਾਇਤ ਦੀ ਜਾਂਚ ਮਗਰੋਂ ਗੁਰਸੇਵਕ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ।