ਜਗਰਾਓਂ, 17 ਸਤੰਬਰ ( ਭਗਵਾਨ ਭੰਗੂ)-ਹਰ ਸਾਲ ਜਗਰਾਉਂ ਵਾਸੀਆਂ ਵੱਲੋਂ ਮਾਤਾ ਚਿੰਤਪੁਰਨੀ ਦੇ ਦਰਬਾਰ ਵਿੱਚ ਵਿਸ਼ਾਲ ਜਾਗਰਣ ਕਰਵਾਇਆ ਜਾਂਦਾ ਹੈ।ਇਸ ਜਾਗਰਣ ਵਿੱਚ 75% ਦੇ ਕਰੀਬ ਸ਼ਹਿਰ ਵਾਸੀ ਹਾਜ਼ਰੀ ਭਰਨ ਲਈ ਮਾਤਾ ਦੇ ਦਰਬਾਰ ਵਿੱਚ ਪਹੁੰਚਦੇ ਹਨ ਅਤੇ ਪਿੱਛੇ ਤੋਂ ਘਰਾਂ ‘ਚ ਤਾਲੇ ਲੱਗੇ ਹੋਏ ਹੁੰਦੇ ਹਨ।ਪਿਛਲੇ ਸਾਲਾਂ ‘ਚ ਜਾਗਰਣ ਦੇ ਸਮੇਂ ਸ਼ਹਿਰ ‘ਚ ਚੋਰਾਂ ਅਤੇ ਲੁਟੇਰਿਆਂ ਦਾ ਬੋਲਬਾਲਾ ਹੁੰਦਾ ਹੈ ਅਤੇ ਇਸ ਦਿਨ ਉਹ ਕਈ ਘਰਾਂ ‘ਚੋਂ ਚੋਰੀਆਂ ਕਰਨ ‘ਚ ਸਫਲ ਹੋ ਜਾਂਦੇ ਹਨ। ਪਰ ਇਸ ਵਾਰ ਐਸ.ਐਸ.ਪੀ ਨਵਨੀਤ ਸਿੰਘ ਬੈਂਸ ਅਤੇ ਡੀ.ਐਸ.ਪੀ.ਸਤਵਿੰਦਰ ਸਿੰਘ ਵਿਰਕ ਦੀਆਂ ਹਦਾਇਤਾਂ ‘ਤੇ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਜਗਜੀਤ ਸਿੰਘ ਆਪਣੀ ਪੂਰੀ ਟੀਮ ਨਾਲ ਪੂਰੀ ਰਾਤ ਜਾਗਦੇ ਰਹੇ ਅਤੇ ਇਹ ਪਹਿਲਾ ਮੌਕਾ ਹੈ ਜਦੋਂ ਸਾਰੀ ਸ਼ਹਿਰ ਖਾਲੀ ਹੋਣ ਕਾਰਨ ਥਾਣਾ ਸਿਟੀ ਵਿੱਚ ਚੋਰੀ ਦੀ ਇੱਕ ਵੀ ਘਟਨਾ ਨਹੀਂ ਵਾਪਰੀ।ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਮਾਤਾ ਚਿੰਤਪੁਰਨੀ ਦੇ ਦਰਬਾਰ ਵਿੱਚ ਨਤਮਸਤਕ ਹੋਣ ਲਈ ਸ਼ਹਿਰ ਵਾਸੀਆਂ ਦੀ ਸ਼ਰਧਾ ਅਤੇ ਦਰਬਾਰ ਵਿੱਚ ਹਾਜ਼ਰ ਹੋਣ ਦੀ ਇੱਛਾ ਕਾਰਨ ਮਾਤਾ ਦੇ ਦਰਬਾਰ ਵਿੱਚ ਲੱਗਭੱਗ ਅੱਧਾ ਸ਼ਹਿਰ ਖਾਲੀ ਹੋ ਜਾਂਦਾ ਹੈ । ਸ਼ਹਿਰ ਵਿੱਚ ਕੋਈ ਹੋਰ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ ਇਸ ਨੂੰ ਰੋਕਣ ਲਈ ਅਸੀਂ ਆਪਣੀ ਟੀਮ ਦੇ ਨਾਲ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਨਾਕਾਬੰਦੀ ਕੀਤੀ। ਜਿਸ ਕਾਰਨ ਨਗਰ ਨਿਵਾਸੀਆਂ ਨੇ ਮਾਤਾ ਜੀ ਦੇ ਦਰਬਾਰ ਵਿੱਚ ਜਾ ਕੇ ਸਾਰੀ ਰਾਤ ਜਾਗ ਕੇ ਆਪਣੀ ਹਾਜ਼ਰੀ ਲਗਵਾਈ ਅਤੇ ਅਸੀਂ ਇਲਾਕਾ ਨਿਵਾਸੀਆਂ ਦੀ ਸੇਵਾ ਕੀਤੀ, ਰਾਤ ਭਰ ਪੁਲਿਸ ਵਲੋਂ ਇੱਥੋਂ ਹੀ ਮਾਤਾ ਦੇ ਦਰਬਾਰ ਦੀ ਹਾਜ਼ਰੀ ਲਗਾਈ।