ਮਨੋਵਿਗਿਆਨੀ ਡਾ ਛੁੱਟੀ ’ਤੇ, ਮਾਨਸਿਕ ਪ੍ਰੇਸ਼ਾਨੀ ਵਾਲੇ ਮਰੀਜ਼ਾਂ ਨੂੰ ਨਹੀਂ ਮਿਲ ਰਹੀਆਂ ਦਵਾਈਆਂ
ਪੰਜਾਬ ਸਰਕਾਰ ਦੇ ਵਧੀਆ ਸੇਹਤ ਸਹੂਲਤਾਂ ਪ੍ਰਦਾਨ ਕਰਨ ਦੇ ਦਾਅਵੇ ਖੋਖਲੇ
ਜਗਰਾਉਂ, 18 ਸਕੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸੂਬੇ ਭਰ ਵਿੱਚ ਸੈਂਕੜੇ ਮੁਹੱਲਾ ਕਲੀਨਿਕ ਸ਼ੁਰੂ ਕੀਤੇ ਗਏ ਹਨ। ਉਥੋਂ ਹਰ ਕਿਸੇ ਨੂੰ ਮੁਫਤ ਦਵਾਈਆਂ ਅਤੇ ਕਈ ਤਰ੍ਹਾਂ ਦੇ ਟੈਸਟ ਕਰਵਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਨ੍ਹਾਂ ਦਾਅਵਿਆਂ ਦੇ ਵਿਚਕਾਰ ਜ਼ਿਆਦਾਤਰ ਦਵਾਈਆਂ ਪਹਿਲਾਂ ਹੀ ਸਥਾਪਤ ਵੱਡੇ ਹਸਪਤਾਲਾਂ ਨੂੰ ਲੰਬੇ ਸਮੇਂ ਤੋਂ ਨਹੀਂ ਭੇਜੀਆਂ ਜਾ ਰਹੀਆਂ। ਜਗਰਾਓਂ ਦੇ ਸਿਵਲ ਹਸਪਤਾਲ ਨੂੰ ਸਰਕਾਰੀ ਮਾਪਦੰਡਾਂ ਅਨੁਸਾਰ ਏ ਗਰੇਡ ਦਾ ਦਰਜਾ ਪ੍ਰਾਪਤ ਹੈ ਪਰ ਲੰਮੇ ਸਮੇਂ ਤੋਂ ਮਨੋਰੋਗ ਮਾਹਿਰ ਡਾਕਟਰ ਨਾ ਹੋਣ ਕਾਰਨ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਡਾ: ਪਿੰਕੀ ਸਵਰੂਪ ਤਾਇਨਾਤ ਸਨ ਪਰ ਉਨ੍ਹਾਂ ਦੇ ਤਬਾਦਲੇ ਤੋਂ ਬਾਅਦ ਲੁਧਿਆਣਾ ਤੋਂ ਡਾ: ਹਰਕਮਲ ਕੌਰ ਨੂੰ ਹਫ਼ਤੇ ਵਿਚ ਸਿਰਫ਼ ਦੋ ਦਿਨ ਹੀ ਇਥੇ ਭੇਜਿਆ ਗਿਆ। ਉਸ ਦੌਰਾਨ ਵੀ ਉਹ ਕਈ ਵਾਰ ਹੋਰ ਡਿਊਟੀਆਂ ਕਾਰਨ ਹਸਪਤਾਲ ਨਹੀਂ ਪਹੁੰਚਦੇ ਸਨ। ਹੁਣ ਉਹ 20 ਦਿਨਾਂ ਦੀ ਛੁੱਟੀ ’ਤੇ ਚਲੇ ਗਏ ਹਨ ਤਾਂ ਮਨੋਰੋਗ ਵਿਭਾਗ ਦੇ ਸਟਾਫ਼ ਦੀ ਆਸਰੇ ਹੀ ਚੱਲ ਰਿਹਾ ਹੈ। ਵਰਨਣਯੋਗ ਹੈ ਕਿ ਇਸ ਵਿਭਾਗ ਵਿੱਚ ਨਸ਼ਾ ਛੱਡਣ ਦਾ ਇਲਾਜ ਕਰਵਾਉਣ ਵਾਲੇ ਜ਼ਿਆਦਾਤਰ ਮਰੀਜ਼ ਵੀ ਦਵਾਈਆਂ ਲੈਂਦੇ ਹਨ ਅਤੇ ਮਾਨਸਿਕ ਰੋਗਾਂ ਤੋਂ ਪੀੜਤ ਲੋਕ ਵੀ ਇੱਥੋਂ ਦਵਾਈਆਂ ਲੈਂਦੇ ਹਨ। ਡਾਕਟਰ ਨਾ ਹੋਣ ਕਾਰਨ ਇਨ੍ਹਾਂ ਸਾਰੇ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਪਾਸੇ ਸਰਕਾਰ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਤੇ ਦੂਜੇ ਪਾਸੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਇੱਥੇ ਵਰਨਣਯੋਗ ਹੈ ਕਿ ਮਨੋਰੋਗ ਵਿਭਾਗ ਦੀਆਂ ਲਗਭਗ ਸਾਰੀਆਂ ਕਿਸਮਾਂ ਦੀਆਂ ਦਵਾਈਆਂ ਨਾਰਕੋਟਿਕ ਦੇ ਦਾਇਰੇ ਵਿਚ ਆਉਂਦੀਆਂ ਹਨ, ਜੋ ਕਿ ਬਾਹਰੋਂ ਨਹੀਂ ਮਿਲਦੀਆਂ ਕਿਉਂਕਿ ਸਰਕਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੁਕਾਨਦਾਰ ਨੂੰ ਇਨ੍ਹਾਂ ਦਵਾਈਆਂ ਦੀ ਵਿਕਰੀ ਸਮੇਂ ਖਰੀਦ ਦਾ ਪੂਰਾ ਰਿਕਾਰਡ ਵੱਖਰਾ ਰੱਖਣਾ ਪੈਂਦਾ ਹੈ। ਇਥੋਂ ਤੱਕ ਕਿ ਨਾਰਕੋਟਿਕ ਦਾਇਰੇ ਦੀ ਇਕ ਇਕ ਗੋਲੀ ਦਾ ਲੇਖਾ ਹੋਣਾ ਚਾਹੀਦਾ ਹੈ। ਇਸ ਖੱਜਲ-ਖੁਆਰੀ ਤੋਂ ਬਚਣ ਲਈ ਬਹੁਤੇ ਦੁਕਾਨਦਾਰ ਨਾਰਕੋਟਿਕ ਦੇ ਦਾਇਰੇ ਵਿੱਚ ਆਉਂਦੀਆਂ ਦਵਾਈਆਂ ਨੂੰ ਨਹੀਂ ਰੱਖਦੇ। ਇਹ ਦਵਾਈਆਂ ਸਿਰਫ਼ ਮਨੋਵਿਗਿਆਨੀ ਡਾਕਟਰਾਂ ਦੀਆਂ ਆਸ-ਪਾਸ ਦੀਆਂ ਦਵਾਈਆਂ ਦੀਆਂ ਦੁਕਾਨਾਂ ਜਾਂ ਉਨ੍ਹਾਂ ਦੇ ਹਸਪਤਾਲਾਂ ਦੇ ਅੰਦਰ ਖੋਲ੍ਹੇ ਆਪਣੇ ਮੈਡੀਕਲ ਸਟੋਰਾਂ ’ਤੇ ਹੀ ਮਿਲਦੀਆਂ ਹਨ ਅਤੇ ਉੱਥੋਂ ਸਿਰਫ਼ ਉਨ੍ਹਾਂ ਵੱਲੋਂ ਲਿਖੀਆਂ ਦਵਾਈਆਂ ਹੀ ਮਿਲਦੀਆਂ ਹਨ। ਪਿਛਲੇ ਕਈ ਮਹੀਨਿਆਂ ਤੋਂ ਸਿਵਲ ਹਸਪਤਾਲ ਜਗਰਾਓਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਲੋਕਾਂ ਨੂੰ ਦਵਾਈਆਂ ਨਹੀਂ ਮਿਲ ਰਹੀਆਂ। ਕੇ.ਕੇ ਯੂਨੀਅਨ ਦੇ ਸਕੱਤਰ ਸੰਜੀਵ ਕੁਮਾਰ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਦਾ ਇੱਕ ਮਰੀਜ਼ ਪਿਛਲੇ ਲੰਮੇ ਸਮੇਂ ਤੋਂ ਸਿਵਲ ਹਸਪਤਾਲ ਵਿੱਚ ਮਾਨਸਿਕ ਰੋਗਾਂ ਦਾ ਇਲਾਜ ਕਰਵਾ ਰਿਹਾ ਹੈ। ਅਕਸਰ ਇਸ ਵਿੱਚ ਮੌਜੂਦ ਜ਼ਰੂਰੀ ਦਵਾਈਆਂ ਹਸਪਤਾਲ ਤੋਂ ਉਪਲਬਧ ਨਹੀਂ ਹੁੰਦੀਆਂ ਅਤੇ ਨਾ ਹੀ ਬਾਹਰੋਂ ਉਪਲਬਧ ਹੁੰਦੀਆਂ ਹਨ। ਜਿਸ ਕਾਰਨ ਉਨ੍ਹਾਂ ਦੇ ਮਰੀਜ਼ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਜਿੰਨੀ ਉਸ ਦੀ ਹਾਲਤ ਵਿੱਚ ਸੁਧਾਰ ਹੁੰਦਾ ਹੈ, ਦਵਾਈ ਦੀ ਘਾਟ ਕਾਰਨ ਉਹ ਪਹਿਲਾਂ ਵਾਲੀ ਹਾਲਤ ਵਿੱਚ ਵਾਪਸ ਆਉਣ ਲੱਗ ਜਾਂਦਾ ਹੈ। ਜਦੋਂ ਹਸਪਤਾਲ ਨੂੰ ਪੁੱਛਿਆ ਜਾਂਦਾ ਹੈ ਤਾਂ ਕਈ ਵਾਰ ਇਹ ਬਹਾਨਾ ਬਣਾਇਆ ਜਾਂਦਾ ਹੈ ਕਿ ਇੱਥੇ ਕੋਈ ਮਨੋਰੋਗ ਡਾਕਟਰ ਨਹੀਂ ਹੈ ਅਤੇ ਕਈ ਵਾਰ ਸਟਾਫ਼ ਕਹਿੰਦਾ ਹੈ ਕਿ ਅਸੀਂ ਹਰ ਹਫ਼ਤੇ ਲਿਖ ਕੇ ਭੇਜ ਦਿੰਦੇ ਹਾਂ। ਸਰਕਾਰ ਵੱਲੋਂ ਦਵਾਈਆਂ ਨਹੀਂ ਭੇਜੀਆਂ ਜਾਂਦੀਆਂ। ਅਸੀਂ ਵਾਰ-ਵਾਰ ਲਿਖਦੇ ਹਾਂ ਪਰ ਉਹੀ ਦਵਾਈ ਭੇਜਦੇ ਜੋ ਉਨ੍ਹਾਂ ਦੇ ਸਟਾਕ ਵਿੱਚ ਹੁੰਦੀ ਹੈ , ਅਸੀਂ ਕੀ ਕਰ ਸਕਦੇ ਹਾਂ? ਸੰਜੀਵ ਕੁਮਾਰ ਬਾਂਸਲ ਨੇ ਕਿਹਾ ਕਿ ਸਰਕਾਰ ਨੂੰ ਸਿਹਤ ਸਹੂਲਤਾਂ ਦੇਣ ਦੇ ਆਪਣੇ ਦਾਅਵੇ ਨੂੰ ਲਾਗੂ ਵੀ ਕਰਨਾ ਚਾਹੀਦਾ ਹੈ। ਜੇਕਰ ਹਸਪਤਾਲਾਂ ਵਿੱਚ ਡਾਕਟਰ ਮੌਜੂਦ ਨਹੀਂ ਹਨ ਅਤੇ ਮਰੀਜ਼ਾਂ ਨੂੰ ਦਵਾਈਆਂ ਨਹੀਂ ਮਿਲਦੀਆਂ ਤਾਂ ਸਰਕਾਰ ਕਿਸ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਦਿੰਦੀ ਹੈ?
ਕੀ ਕਹਿਣਾ ਹੈ ਐਸਐਮਓ ਦਾ –
ਇਸ ਸੰਬੰਧੀ ਸਿਵਿਲ ਹਸਪਤਾਲ ਜਗਰਾਓਂ ਦੀ ਐਸਐਮਓ ਡਾ: ਪ੍ਰਤਿਭਾ ਵਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਸਪਤਾਲ ਦੇ ਮਨੋਵਿਗਿਆਨ ਵਿਭਾਗ ਵਿੱਚ ਤਾਇਨਾਤ ਡਾਕਟਰ ਛੁੱਟੀ ’ਤੇ ਹਨ ਅਤੇ ਉਨ੍ਹਾਂ ਦੀ ਥਾਂ ’ਤੇ ਹਫ਼ਤੇ ਵਿੱਚ ਇੱਕ ਦਿਨ ਇੱਕ ਹੋਰ ਡਾਕਟਰ ਨੂੰ ਡਿਊਟੀ ’ਤੇ ਲਾਇਆ ਗਿਆ ਹੈ। ਉਸ ਤੋਂ ਬਾਅਦ ਜੇਕਰ ਕੋਈ ਮਾਨਸਿਕ ਰੋਗੀ ਜਾਂ ਨਸ਼ਾ ਛੁਡਾਊ ਦਵਾਈ ਲੈਣ ਵਾਲੇ ਮਰੀਜ਼ ਨੂੰ ਕਿਸੇ ਕਿਸਮ ਦੀ ਸਮੱਸਿਆ ਆਉਂਦੀ ਹੈ ਤਾਂ ਅਸੀਂ ਉਸ ਨੂੰ ਲੁਧਿਆਣਾ ਭੇਜਦੇ ਹਾਂ। ਅਸੀਂ ਸਟਾਕ ਵਿੱਚ ਲੋੜੀਂਦੀਆਂ ਸਾਰੀਆਂ ਦਵਾਈਆਂ ਦੀ ਸੂਚੀ ਬਣਾ ਕੇ ਸਰਕਾਰ ਨੂੰ ਭੇਜਦੇ ਹਾਂ। ਉੱਥੇ ਉਹ ਸਾਨੂੰ ਉਹ ਦਵਾਈਆਂ ਪ੍ਰਦਾਨ ਕਰਦੇ ਹਨ ਜੋ ਉਨ੍ਹਾਂ ਦੇ ਸਟਾਕ ਵਿੱਚ ਮੌਜੂਦ ਹੁੰਦੀਆਂ ਹਨ।