ਜਗਰਾਉਂ, 24 ਸਤੰਬਰ ( ਅਸ਼ਵਨੀ, ਜਗਰੂਪ ਸੋਹੀ)- ਥਾਣਾ ਹਠੂਰ ਦੀ ਹਦੂਦ ਅੰਦਰ ਪੈਂਦੇ ਪਿੰਡ ਕਮਾਲਪੁਰ ਤੋਂ ਬਿੰਜਲ ਨੂੰ ਜਾਂਦੇ ਰਸਤੇ ’ਤੇ ਧਾਰਮਿਕ ਠਾਠ ਦੀ ਸੇਵਾ ਕਰ ਰਹੇ ਬੱਚੇ ਦੀ ਕੁੱਟਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਠਾਠ ਦੇ ਮੁਖੀ ਬਾਬਾ ਸੁਰਿੰਦਰ ਸਿੰਘ ਸਮੇਤ 7 ਲੋਕਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਐਤਵਾਰ ਸਵੇਰੇ ਪਿੰਡ ਕਮਾਲਾਪੁਰ ਦੀ ਪੰਚਾਇਤ ਨੇ ਇਲਾਕੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਸੰਪਰਕ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਅਤੇ ਸਤਿਕਾਰ ਨੂੰ ਮੁੱਖ ਰੱਖਦਿਆਂ ਉਕਤ ਠਾਠ ਤੇ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਉਥੋਂ ਲਿਜਾ ਕੇ ਪਿੰਡ ਕਮਾਲਾਪੁਰ ਦੇ ਗੁਰਦੁਆਰਾ ਸਾਹਿਬ ਵਿਖੇੰ ਸੁਸ਼ੋਭਿਤ ਕਰ ਦਿਤੇ।
ਕੀ ਕਹਿਣਾ ਹੈ ਥਾਣਾ ਇੰਚਾਰਜ ਦਾ-
ਇਸ ਸਬੰਧੀ ਜਦੋਂ ਥਾਣਾ ਹਠੂਰ ਦੇ ਇੰਚਾਰਜ ਸਬ-ਇੰਸਪੈਕਟਰ ਸੁਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਹਰਦੀਪ ਸਿੰਘ ਵਾਸੀ ਪਿੰਡ ਅਦਲਾਬਾਦ, ਥਾਣਾ ਬਲਸੰਡਾ, ਜ਼ਿਲ੍ਹਾ ਪੀਲੀਭੀਤ, ਉੱਤਰ ਪ੍ਰਦੇਸ਼, ਵਰਤਾਮਨ ਵਾਸੀ ਨਾਨਕਸਰ ਠਾਠ ਬਿੰਜਲ ਰੋਡ , ਕਮਾਲਪੁਰਾ ਦੀ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਦੇ ਨਾਲ ਰਹਿ ਰਿਹਾ ਸੀ, ਦੇ ਬਿਆਨਾਂ ’ਤੇ ਠਾਠ ਦੇ ਮੁਖੀ ਸੁਰਿੰਦਰ ਸਿੰਘ, ਉਸ ਦੇ ਸਾਥੀਆਂ ਬੱਬਲ ਸਿੰਘ, ਗੁਰਪ੍ਰੀਤ ਸਿੰਘ, ਹਰਮਨ ਸਿੰਘ, ਸਮਸ਼ੇਰ ਸਿੰਘ, ਗੁਰਜੀਤ ਸਿੰਘ ਅਤੇ ਦਲਜੀਤ ਸਿੰਘ ਖਿਲਾਫ ਥਾਣਾ ਹਠੂਰ ’ਚ ਮੁਕਦਮਾ ਦਰਜ ਕਰਕੇ ਇਨ੍ਹਾਂ ਵਿਚੋਂ ਬਾਬਾ ਸੁਰਿੰਦਰ ਸਿੰਘ, ਬਬਲ ਸਿੰਘ, ਗੁਰਪ੍ਰੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ 107/51 ਜੁਰਮ ਦੀ ਅਪਰਾਧ ਰੋਕੂ ਕਾਰਵਾਈ ਕਰਕੇ ਐਸ ਡੀ ਐਮ ਦੇ ਪੇਸ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਾਨੂੰਨ ਦੇ ਅਨੁਸਾਰ 7 ਸਾਲ ਤੋਂ ਘੱਟ ਦੀ ਸਜ਼ਾ ਵਾਲੇ ਅਪਰਾਧਾਂ ਵਿੱਚ ਗ੍ਰਿਫਤਾਰੀ ਤੋਂ ਪਹਿਲਾਂ ਨੋਟਿਸ ਦਿੱਤਾ ਜਾਂਦਾ ਹੈ। ਇਨ੍ਹਾਂ ਸਾਰਿਆਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਉਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਜਾਵੇਗੀ।