Home Sports ਸਿਫਤ ਸਮਰਾ ਨੇ ਫਰੀਦਕੋਟ ਦੇ ਸਿਰ ਤੇ ਸਜਾਇਆ ਸੋਨੇ ਦਾ ਤਾਜ

ਸਿਫਤ ਸਮਰਾ ਨੇ ਫਰੀਦਕੋਟ ਦੇ ਸਿਰ ਤੇ ਸਜਾਇਆ ਸੋਨੇ ਦਾ ਤਾਜ

23
0


ਫਰੀਦਕੋਟ 27 ਸਤੰਬਰ (ਰਾਜ਼ਨ ਜੈਨ) ਅੱਜ ਉਸ ਵੇਲੇ ਫਰੀਦਕੋਟ ਦੇ ਸਿਰ ਤੇ ਸੋਨੇ ਦਾ ਤਾਜ ਸੱਜ ਗਿਆ ਜਦੋਂ ਇੱਥੋਂ ਦੀ ਵਸਨੀਕ ਨਿਸ਼ਾਨੇਬਾਜ਼ ਸਿਫਤ ਕੌਰ ਸਮਰਾ ਨੇ ਹਾਂਗਜੂ (ਚੀਨ) ਵਿਖੇ ਚੱਲ ਰਹੀਆਂ ਏਸ਼ੀਅਨ ਖੇਡਾਂ ਦੌਰਾਨ 50 ਮੀਟਰ 3-ਪੀ ਮੁਕਾਬਲਿਆਂ ਵਿੱਚ 600 ਚੋਂ 594 ਅੰਕ ਪ੍ਰਾਪਤ ਕਰਕੇ ਏਸ਼ੀਆ ਖੇਡਾਂ ਵਿੱਚ ਕੀਰਤੀਮਾਨ ਸਥਾਪਿਤ ਕੀਤਾ ਅਤੇ ਸੋਨੇ ਦਾ ਤਮਗਾ ਫੁੰਡਿਆਂ।ਜਿਲ੍ਹਾ ਖੇਡ ਅਫਸਰ ਬਲਜਿੰਦਰ ਸਿੰਘ ਅਤੇ ਸਾਬਕਾ ਕੋਚ ਸੁਖਰਾਜ ਕੌਰ ਨੇ ਦੱਸਿਆ ਕਿ 50 ਮੀਟਰ 3-ਪੀ ਟੀਮ ਮੁਕਾਬਲਿਆਂ ਵਿੱਚ ਸਿਫਤ ਤੋਂ ਇਲਾਵਾ ਆਸ਼ੀ ਚੌਕਸੀ ਤੇ ਮਾਨਿਨੀ ਕੌਸ਼ਿਕ ਨੇ ਰੱਲ ਕੇ ਇਨ੍ਹਾਂ ਖੇਡਾਂ ਵਿੱਚ ਚਾਂਦੀ ਦਾ ਤਮਗਾ ਵੀ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨਾਂ ਨੇ ਰੱਲ ਕੇ ਕੁਆਲੀਫਿਕੇਸ਼ਨ ਰਾਊਡ ਵਿੱਚ ਕੁੱਲ 1764 ਅੰਕ ਪ੍ਰਾਪਤ ਕਰਕੇ ਸਖਤ ਮੁਕਾਬਲੇ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਟੀਮ ਮੁਕਾਬਲੇ ਵਿੱਚ ਚੀਨ ਦੇ ਖਿਡਾਰੀਆਂ ਨੇ 1773 ਅੰਕ ਪ੍ਰਾਪਤ ਕਰਕੇ ਸੋਨੇ ਦਾ ਤਮਗਾ ਜਿੱਤਿਆ ਅਤੇ ਸਾਊਥ ਕੋਰੀਆ 1756 ਅੰਕ ਲੈ ਕੇ ਤੀਜੇ ਸਥਾਨ ਤੇ ਰਿਹਾ।ਉਨ੍ਹਾਂ ਦੱਸਿਆ ਕਿ ਕੁਆਲੀਫਿਕੇਸ਼ਨ ਸਟੇਜ ਵਿੱਚ ਸਿਫਤ ਸਮਰਾ ਅਤੇ ਆਸ਼ੀ ਚੌਕਸੀ ਨੇ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਦਿਆਂ ਟੀਮ ਈਵੈਂਟ ਵਿੱਚ ਅਤਿਅੰਤ ਵਧੀਆ ਪ੍ਰਦਰਸ਼ਨ ਕੀਤਾ ਅਤੇ ਫਾਈਨਲ ਮੁਕਾਬਲਿਆਂ ਵਿੱਚ ਵੀ ਉਨ੍ਹਾਂ ਪੂਰੀ ਇਕਾਗਰਤਾ ਦੇ ਨਾਲ ਨਿਸ਼ਾਨਾ ਲਗਾਇਆ ਅਤੇ ਜਿੱਤ ਦਰਜ ਕੀਤੀ । ਉਨ੍ਹਾਂ ਦੱਸਿਆ ਕਿ ਇਸ ਖੇਡ ਵਿੱਚ ਤਿੰਨ ਰਾਊਂਡ (ਲੇਟ ਕੇ, ਬੈਠ ਕੇ ਅਤੇ ਖੜ੍ਹੇ ਹੋ ਕੇ) ਨਿਸ਼ਾਨਾ ਲਗਾਉਣ ਤੇ ਹਰ ਰਾਊਂਡ ਵਿੱਚ 20 ਵਾਰ ਫਾਇਰ ਕੀਤੇ ਜਾਂਦੇ ਹਨ ਅਤੇ ਹਰ ਫਾਇਰ ਦੇ ਵੱਧ ਤੋਂ ਵੱਧ 10 ਅੰਕ ਦਿੱਤੇ ਜਾਂਦੇ ਹਨ। ਸਿਫਤ ਸਮਰਾ ਨੇ ਇਨ੍ਹਾਂ ਤਿੰਨਾਂ ਰਾਊਂਡਾਂ ਵਿੱਚ ਕੁੱਲ 60 ਰਾਊਂਡ ਫਾਇਰ ਕੀਤੇ, ਜਿਸ ਵਿੱਚ ਉਸਨੇ 600 ਵਿੱਚੋਂ 594 ਅੰਕ ਪ੍ਰਾਪਤ ਕੀਤੇ।ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ, ਵਿਧਾਇਕ ਜੈਤੋ ਅਮੋਲਕ ਸਿੰਘ ਅਤੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਨਿੱਘੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸਿਫਤ ਸਮਰਾ ਦੀ ਅਣਥੱਕ ਮਿਹਨਤ ਦੇ ਸਦਕਾ ਹੀ ਉਸਨੇ ਭਾਰਤ ਦਾ ਨਾਮ ਅੰਤਰਰਾਸ਼ਟਰੀ ਪੱਧਰ ਤੇ ਰੋਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਬੱਚੀ ਸਥਾਨਿਕ ਦਸ਼ਮੇਸ਼ ਸਕੂਲ ਦੇ ਵਿਦਿਆਰਥਣ ਰਹੀ ਹੈ ਅਤੇ ਇਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਡੀ.ਪੀ.ਐੱਡ (ਡਿਪਲੋਮਾ ਆਫ ਫਿਜ਼ੀਕਲ ਐਜੂਕੇਸ਼ਨ) ਕਰ ਰਹੀ ਹੈ।

LEAVE A REPLY

Please enter your comment!
Please enter your name here