ਨਹੀਂ ਲੱਗਣ ਦਿਤੇ ਪਿੰਡ ਵਿੱਚ ਚਿੱਪ ਵਾਲੇ ਬਿਜਲੀ ਮੀਟਰ
ਜਗਰਾਉਂ, 10 ਅਕਤੂਬਰ ( ਕਮਲ ਅਖਾੜਾ )-ਬਿਜਲੀ ਵਿਭਾਗ ਵੱਲੋਂ ਘਰਾਂ ਵਿੱਚ ਚਿਪਾਂ ਵਾਲੇ ਨਵੇਂ ਆਧੁਨਿਕ ਤਕਨੀਕ ਵਾਲੇ ਮੀਟਰ ਲਗਾਉਣ ਦਾ ਹਰ ਪਾਸੇ ਭਾਰੀ ਵਿਰੋਧ ਹੋ ਰਿਹਾ ਹੈ। ਇਸੇ ਤਹਿਤ ਮੰਗਲਵਾਰ ਨੂੰ ਜਦੋਂ ਬਿਜਲੀ ਵਿਭਾਗ ਦੇ ਮੁਲਾਜ਼ਮ ਘਰਾਂ ਵਿੱਚ ਚਿੱਪ ਵਾਲੇ ਬਿਜਲੀ ਮੀਟਰ ਲਗਾਉਣ ਲਈ ਪਿੰਡ ਅਖਾੜਾ ਪੁੱਜੇ ਤਾਂ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਉਨ੍ਹਾਂ ਦਾ ਵਿਰੋਧ ਕੀਤਾ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ, ਬੀਕੇਯੂ ਡਕੌਂਦਾ ਅਤੇ ਮਜ਼ਦੂਰ ਯੂਨੀਅਨ ਜਗਰਾਉਂ ਦੇ ਮੈਂਬਰਾਂ ਨੇ ਬਿਜਲੀ ਵਿਭਾਗ ਨੂੰ ਇਹ ਮੀਟਰ ਜਬਰਦਸਤੀ ਨਾ ਲਗਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਰਕਾਰ ਅਜਿਹੇ ਮੀਟਰ ਲਗਾ ਕੇ ਹਰ ਤਰ੍ਹਾਂ ਦੀਆਂ ਸਬਸਿਡੀਆਂ ਖ਼ਤਮ ਕਰਨਾ ਚਾਹੁੰਦੀ ਹੈ। ਮੀਟਰ ’ਚ ਲੱਗੇ ਸਿਮ ਕਾਰਡ ਨੂੰ ਰੀਚਾਰਜ ਕਰਨ ’ਤੇ ਹੀ ਬਿਜਲੀ ਮਿਲੇਗੀ, ਜੇਕਰ ਕੋਈ ਗਰੀਬ ਵਿਅਕਤੀ ਰੀਚਾਰਜ ਨਹੀਂ ਕਰ ਸਕੇਗਾ ਤਾਂ ਉਹ ਹਨੇਰੇ ਅਤੇ ਗਰਮੀ ’ਚ ਬੈਠਾ ਰਹੇਗਾ। ਇਸ ਲਈ ਇਹ ਮੀਟਿੰਗ ਬਿਲਕੁਲ ਵੀ ਨਹੀਂ ਲੱਗਣ ਦਿਤੇ ਜਾਣਗੇ। ਇਸ ਮੌਕੇ ਹਰਦੇਵ ਸਿੰਘ, ਜਗਦੇਵ ਸਿੰਘ, ਪਾਲਾ ਸਿੰਘ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ ਪੰਚ, ਬਿੱਕਰ ਸਿੰਘ ਪੰਚ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।