ਜਗਰਾਓ, 10 ਅਕਤੂਬਰ ( ਸੰਜੀਵ ਗੋਇਲ, ਅਨਿਲ ਕੁਮਾਰ)-ਇਲਾਕੇ ਦੇ ਵੱਡੇ ਪਿੰਡ ਕਾਉਂਕੇ ਕਲਾਂ ਵਿਖੇ ਅੱਜ ਮਨਰੇਗਾ ਮਜਦੂਰ ਔਰਤਾਂ ਮਰਦਾਂ ਦੀ ਦਾਣਾ ਮੰਡੀ ਵਿਖੇ ਭਰਵੀਂ ਇਕੱਤਰਤਾ ਹੋਈ। ਮੀਟਿੰਗ ਚ ਉਚੇਚੇ ਤੋਰ ਤੇ ਹਾਜਰ ਹੋਏ ਮਜਦੂਰ ਕਿਸਾਨ ਆਗੂ ਮਾਸਟਰ ਸੁਰਜੀਤ ਦੋਧਰ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਕੁੰਡਾ ਸਿੰਘ ਕਾਉਂਕੇ ਨੇ ਮੰਗ ਕੀਤੀ ਕਿ ਸਮੁੱਚੇ ਮਨਰੇਗਾ ਮਜਦੂਰਾਂ ਦੇ ਕਾਰਡ ਉਨਾਂ ਨੂੰ ਸੋੰਪੇ ਜਾਣ,ਮਜਦੂਰੀ ਦੀ ਅਦਾਇਗੀ ਹਰ ਮਹੀਨੇ ਸਮੇਂ ਸਿਰ ਕੀਤੀ ਜਾਵੇ, ਨਵੇਂ ਮਜਦੂਰਾਂ ਦੀਆਂ ਅਰਜੀਆਂ ਲੈਕੇ ਉਨਾਂ ਨੂੰ ਕੰਮ ਤੇ ਲਗਾਇਆ ਜਾਵੇ। ਕੰਮ ਤੇ ਲੈ ਕੇ ਜਾਣ ਤੇ ਵਾਪਸ ਘਰੇ ਪਰਤਾਉਣ ਦਾ ਪ੍ਰਬੰਧ ਸਰਕਾਰ ਕਰੇ। ਮਜਦੂਰ ਮਰਦ ਔਰਤਾਂ ਨੇ ਦਿਹਾੜੀ ਰੇਟ ਘਟੋਘਟ ਸੱਤ ਸੋ ਰੁਪਏ ਅਤੇ ਸਾਲ ਚ ਇੱਕ ਸੋ ਦਿਨ ਦੀ ਥਾਂ ਘਟੋਘੱਟ ਤਿੰਨ ਸੋ ਦਿਨ ਲਗਾਤਾਰ ਰੁਜ਼ਗਾਰ ਦਿੱਤਾ ਜਾਵੇ। ਉਨਾਂ ਮੰਗ ਕੀਤੀ ਕਿ ਕੰਮ ਨਾ ਹੋਣ ਦੀ ਹਾਲਤ ਚ ਕਨੂੰਨ ਅਨੁਸਾਰ ਬੇਰੁਜਗਾਰੀ ਭੱਤਾ ਦਿੱਤਾ ਜਾਵੇ । ਪਿੰਡ ਦੀ ਗ੍ਰਾਮ ਸਭਾ ਦਾ ਅਜਲਾਸ ਸੱਦ ਕੇ ਮਜਦੂਰਾਂ ਵਿਚੋਂ ਹੀ ਮਨਰੇਗਾ ਐਕਟ ਮੁਤਾਬਕ ਪੜਿਆ ਲਿਖਿਆ ਮੇਟ ਲਗਾਇਆ ਜਾਵੇ। ਸਥਾਨਕ ਵਿਧਾਇਕ ਵਲੋਂ ਮਨਰੇਗਾ ਕੰਮ ਚ ਦਖਲਅੰਦਾਜ਼ੀ ਬੰਦ ਕੀਤੀ ਜਾਵੇ। ਬੁਲਾਰਿਆਂ ਨੇ ਜੋਰ ਦੇ ਕੇ ਕਿਹਾ ਕਿ ਇਨਾਂ ਹੱਕਾਂ ਦੀ ਪੈਰਵਾਈ ਲਈ ਕਿਸਾਨ ਮਜਦੂਰ ਜਥੇਬੰਦੀਆਂ ਹਰ ਵੇਲੇ ਹਾਜਰ ਹਨ। ਇਸ ਸਮੇਂ ਮਨਰੇਗਾ ਮਜਦੂਰਾਂ ਨੇ ਸੱਤ ਮੈੰਬਰੀ ਕਮੇਟੀ ਚੁਨਣ ਦਾ ਵੀ ਸਰਵਸੰਮਤੀ ਨਾਲ ਫੈਸਲਾ ਕੀਤਾ ।