ਲੁਧਿਆਣਾ (ਅਨਿੱਲ ਕੁਮਾਰ) ਇੰਟਰਨੈਸ਼ਨਲ ਨੰਬਰ ਤੋਂ ਫੋਨ ਕਰਕੇ ਖੁਦ ਨੂੰ ਵਿਦੇਸ਼ੀ ਗੈਂਗ ਦਾ ਮੈਂਬਰ ਦੱਸਣ ਵਾਲੇ ਵਿਅਕਤੀ ਨੇ ਲੁਧਿਆਣਾ ਦੇ ਨਿਊ ਮਾਲਟਨ ਇਲਾਕੇ ਦੇ ਰਹਿਣ ਵਾਲੇ ਮਨਜਿੰਦਰ ਸਿੰਘ ਕੋਲੋਂ ਫਿਰੌਤੀ ਮੰਗੀ। ਇਸ ਮਾਮਲੇ ਸਬੰਧੀ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਮਨਜਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਪੌਣੇ 10 ਵਜੇ ਦੇ ਕਰੀਬ ਉਹ ਘਰ ਵਿੱਚ ਹੀ ਮੌਜੂਦ ਸੀ , ਇਸੇ ਦੌਰਾਨ ਉਸਨੂੰ ਇੰਟਰਨੈਸ਼ਨਲ ਨੰਬਰ ਤੋਂ ਵਟਸਐਪ ਕਾਲਾਂ ਆਉਣੀਆਂ ਸ਼ੁਰੂ ਹੋਈਆਂ। ਕਾਲਰ ਨੇ ਉਸ ਨੂੰ ਛੇ ਵਾਰ ਕਾਲ ਕੀਤੀ। ਸੱਤਵੀਂ ਵਾਰ ਫੋਨ ਆਉਣ ਤੇ ਮਨਜਿੰਦਰ ਸਿੰਘ ਨੇ ਕਾਲ ਰਿਸੀਵ ਕਰ ਲਈ। ਫੋਨ ਚੁੱਕਦੇ ਹੀ ਕਾਲਰ ਨੇ ਸਿੱਧੇ ਤੌਰ ਤੇ ਉਸਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਕਾਲਰ ਨੇ ਆਖਿਆ ਕਿ ਉਹ ਪੂਰੇ ਪਰਿਵਾਰ ਸਮੇਤ ਵਿਦੇਸ਼ ‘ਚ ਰਹਿੰਦਾ ਹੈ। ਧਮਕੀ ਭਰੇ ਲਹਿਜੇ ‘ਚ ਉਸਨੇ ਆਖਿਆ ਕਿ ਮਨਜਿੰਦਰ ਸਿੰਘ ਦਾ ਸਾਰਾ ਪਰਿਵਾਰ ਭਾਰਤ ਵਿੱਚ ਹੈ ਅਤੇ ਉਹ ਉਨ੍ਹਾਂ ਦਾ ਸਵਾਗਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਧਮਕੀ ਦੇਣ ਵਾਲੇ ਵਿਅਕਤੀ ਨੇ ਆਖਿਆ ਕਿ ਉਸ ਦੀ ਉਡੀਕ ਕੀਤੀ ਜਾਵੇ। ਵ੍ਹਟਸਐਪ ਕਾਲ ਕਰਨ ਵਾਲੇ ਵਿਅਕਤੀ ਨੇ ਮਨਜਿੰਦਰ ਸਿੰਘ ਕੋਲੋਂ ਪੈਸਿਆਂ ਦੀ ਮੰਗ ਕੀਤੀ ਤੇ ਪੂਰੇ ਪਰਿਵਾਰ ਨੂੰ ਖਤਮ ਕਰ ਦੇਣ ਦੀਆਂ ਧਮਕੀਆਂ ਦਿੱਤੀਆਂ। ਉਧਰੋਂ ਇਸ ਗੰਭੀਰ ਮਾਮਲੇ ਦੀ ਸ਼ਿਕਾਇਤ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।