ਮੋਗਾ (ਅਸਵਨੀ ਕੁਮਾਰ) ਪੰਜਾਬ ਸਰਕਾਰ ਅਧਿਆਪਕਾਂ ਦੀਆਂ ਮੰਗਾਂ ਨੂੰ ਹੱਲ ਕਰਨ ਲਈ ਸੰਜੀਦਾ ਨਹੀਂ, ਜਿਸ ਕਰ ਕੇ ਮਾਸਟਰ ਕੇਡਰ ਯੂਨੀਅਨ ਪੰਜਾਬ ਨੇ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢ ਦਿੱਤਾ ਹੈ ਅਤੇ ਸੰਘਰਸ਼ਾਂ ਦੀ ਲੜੀ ਤਹਿਤ 20 ਅਕਤੂਬਰ ਨੂੰ ਸੂਬੇ ਦੇ ਸਾਰੇ ਅਧਿਆਪਕ ਆਪਣੇ-ਆਪਣੇ ਪਿਤਰੀ ਸਕੂਲਾਂ ਵਿਚ ਕਾਲੇ ਬਿੱਲੇ ਲਾ ਕੇ ਆਪਣੀ ਡਿਊਟੀ ਕਰਨਗੇ ਅਤੇ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ਕਰਨਗੇ। ਜਾਣਕਾਰੀ ਦਿੰਦਿਆਂ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਪ੍ਰਰੀਤ ਸਿੰਘ ਰਿਆੜ, ਸੂਬਾ ਜਨਰਲ ਸਕੱਤਰ ਬਲਜਿੰਦਰ ਧਾਲੀਵਾਲ, ਫਾਊਂਡਰ ਮੈਂਬਰ ਵਾਸ਼ਿੰਗਟਨ ਸਿੰਘ, ਵਿੱਤ ਸਕੱਤਰ ਰਮਨ ਕੁਮਾਰ, ਮੀਤ ਪ੍ਰਧਾਨ ਹਰਮੰਦਰ ਸਿੰਘ ਉੱਪਲ, ਮਨਜਿੰਦਰ ਸਿੰਘ ਤਰਨਤਾਰਨ, ਹਰਬੰਸ ਲਾਲ ਅਤੇ ਪ੍ਰਰੈੱਸ ਸਕੱਤਰ ਸੰਦੀਪ ਕੁਮਾਰ ਆਦਿ ਨੇ ਦੱਸਿਆ ਕਿ ਮਾਸਟਰ ਕੇਡਰ ਯੂਨੀਅਨ ਦੀਆਂ ਜਾਇਜ਼ ਮੰਗਾਂ ਜਿਵੇਂ ਪੇ-ਕਮਿਸ਼ਨ ਦਾ ਬਕਾਇਆ, ਪੇ ਕਮਿਸ਼ਨ ਦੀ ਸਿਫਾਰਸ਼ ਅਨੁਸਾਰ ਅਧਿਆਪਕਾਂ ਨੂੰ 2.59 ਦੇ ਗੁਣਾਂਕ ਨਾਲ ਤਨਖਾਹ ਫਿਕਸ ਕਰਨਾ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਬਕਾਇਆ ਜਾਰੀ ਕਰਨਾ, 4-9-14 ਤਰੱਕੀ ਦੀ ਬਹਾਲੀ, ਪੇਂਡੂ ਭੱਤਾ, ਬਾਰਡਰ ਭੱਤਾ, ਪੁਰਾਣੀ ਪੈਨਸ਼ਨ ਬਹਾਲੀ ਅਤੇ ਨਵ-ਨਿਯੁਕਤ ਅਧਿਆਪਕਾਂ ਤੇ ਅਖੌਤੀ ਕੇਂਦਰੀ ਸਕੇਲ ਲਾਗੂ ਕਰਨਾ, ਕੇਡਰ ਅਨੁਸਾਰ ਭਰਤੀ ਪੱਕੇ ਨਿਯਮਾਂ ਅਨੁਸਾਰ ਨਾ ਕਰ ਕੇ ਸਗੋ ਕਈ ਤਰ੍ਹਾਂ ਦੇ ਨਾਵਾਂ ਹੇਠ ਇਕ ਹੀ ਕੇਡਰ ‘ਤੇ ਕਈ-ਕਈ ਤਰ੍ਹਾਂ ਦੇ ਅਣਲੁੜੀਂਦੇ ਨਿਯਮ ਲਾਗੂ ਕਰ ਕੇ ਅਧਿਆਪਕਾਂ ਦਾ ਸ਼ੋਸ਼ਣ ਨਾ ਕਰਨਾ ਅਤੇ ਵਿਭਾਗ ਦਾ ਕੀਮਤੀ ਸਮਾਂ ਕੋਰਟ ਕਚਹਿਰੀ ਦੀ ਭੇਟ ਚੜਨਾ, ਪੱਕੇ ਨਿਯਮਾਂ ਰਾਹੀਂ ਅਧਿਆਪਕ ਭਰਤੀ ਕਰਨਾ ਅਤੇ ਹਰ ਤਰ੍ਹਾਂ ਦੇ ਸਿੱਖਿਆ ਵਿਭਾਗ ਵਿਚ ਕੰਮ ਕਰਦੇ ਮੁਲਾਜ਼ਮ ਪੱਕੇ ਕਰਨਾ, ਮਾਸਟਰ ਕੇਡਰ ਤੋਂ ਲੈਕਚਰਾਰ ਅਤੇ ਹੈੱਡਮਾਸਟਰ ਦੀ ਜਲਦੀ ਤਰੱਕੀ ਕਰਨਾ, ਅਧਿਆਪਕਾਂ ਤੇ ਅਣਲੁੜੀਂਦੇ ਬੋਝ ਜਿਵੇਂ ਕਿ ਵਜ਼ੀਫਾ ਸਕੀਮ ਭਲਾਈ ਵਿਭਾਗ ਰਾਹੀਂ ਦੇਣਾ, ਬੀਐੱਲਓ ਦੀ ਡਿਊਟੀ ਨਾ ਲਾਉਣਾ, ਅਣਲੁੜੀਂਦਾ ਡਾਟਾ ਵੱਖ-ਵੱਖ ਸਾਈਟਾਂ ਜਿਵੇਂ ਕਿ ਸ਼ਾਲਾ ਸਿੱਧੀ, ਯੂ ਡਾਈਸ, ਪੰਜਾਬ ਸਕੂਲ ਸਿੱਖਿਆ ਬੋਰਡ ਤੇ ਹੋਰ ਕਈ ਸਾਈਟਾਂ ਅਤੇ ਕਈ ਤਰ੍ਹਾਂ ਦੇ ਗੂਗਲ ਫਾਰਮਾਂ ਰਾਹੀਂ ਭਰਵਾਉਣ ਦੀ ਜਗ੍ਹਾ ਸਿਰਫ ਈ ਪੰਜਾਬ ‘ਤੇ ਹੀ ਭਰਵਾਉਣਾ, ਵਿਭਾਗ ਵੱਲੋਂ ਭੇਜੀਆਂ ਗ੍ਾਂਟਾਂ ਨੂੰ ਵੱਖ-ਵੱਖ ਢੰਗਾਂ ਰਾਹੀਂ ਅਤੇ ਵੱਖ-ਵੱਖ ਤਰ੍ਹਾਂ ਦੀਆਂ ਗੁੰਝਲਦਾਰ ਹਦਾਇਤਾਂ ਨਾਲ ਕੰਮ ਵਿਚ ਉਲਝਾਈ ਰੱਖ ਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਕਰਨ, ਪੰਚਾਇਤ ਚੋਣਾਂ ਦੀ ਗਿਣਤੀ ਬਲਾਕ ਪੱਧਰ ਤੇ ਕਰਨ, ਅਣਲੁੜੀਂਦਾ ਡਾਟਾ ਈ ਪੰਜਾਬ ਤੋਂ ਲੈਣ ਦੀ ਜਗ੍ਹਾ ਵਾਰ-ਵਾਰ ਡਾਕ ਨਾ ਮੰਗਵਾਉਣ, ਇਮਾਰਤਾਂ ਦੀਆਂ ਗ੍ਾਂਟਾਂ ਪੀਡਬਲਯੂਡੀ ਦੇ ਇੰਜੀਨੀਅਰਾਂ ਦੀ ਬਜਾਏ ਕੋਈ ਜਾਣਕਾਰੀ ਨਾ ਰੱਖਦੇ ਹੋਏ ਅਧਿਆਪਕਾਂ ਕੋਲੋਂ ਧੱਕੇ ਨਾਲ ਇੰਜੀਨੀਅਰਿੰਗ ਨਜ਼ਰੀਏ ਤੋਂ ਸਖ਼ਤ ਅਤੇ ਨਾ ਸਮਝ ਆਉਣ ਵਾਲੀਆਂ ਹਦਾਇਤਾਂ ਨਾਲ ਸਮਾਂਬੱਧ ਕਰਵਾ ਕੇ ਵਰਤੋਂ ਸਰਟੀਫਿਕੇਟ ਦੇਣ ਅਤੇ ਲੱਗਣ ਵਾਲੇ ਖਰਚ ਦਾ ਅਗੇਤਾ ਅਨੁਮਾਨ ਲਾਉਣ ਜਿਹੇ ਹਦਾਇਤਾਂ ਜਾਰੀ ਕਰ ਕੇ ਸਕੂਲ ਸਿੱਖਿਆ ਦਾ ਤਹਿਸ-ਨਹਿਸ ਨਾ ਕਰਨ ਆਦਿ ਮਸਲੇ ਹੱਲ ਕਰਨ ਤੋਂ ਟਾਲਾ ਵੱਟ ਰਹੀ ਹੈ। ਇਸ ਬੇਰੁੱਖੀ ਦਾ ਨੋਟਿਸ ਲੈਂਦੇ ਹੋਏ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੱਦੇ ‘ਤੇ 20 ਅਕਤੂਬਰ ਸ਼ੁੱਕਰਵਾਰ ਨੂੰ ਸਮੂਹ ਅਧਿਆਪਕ ਵਰਗ ਕਾਲੇ ਬਿੱਲੇ ਲਾ ਕੇ ਆਪਣੀ ਡਿਊਟੀ ਕਰਨਗੇ ਅਤੇ 25 ਅਕਤੂਬਰ ਨੂੰ ਬਲਾਕ ਪੱਧਰ ‘ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਜਥੇਬੰਦੀ ਵੱਲੋਂ ਪੰਜਾਬ ਦੇ ਸਮੂਹ ਅਧਿਆਪਕ ਸਾਥੀਆਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਇਸ ਐਕਸ਼ਨ ਨੂੰ ਪੂਰੀ ਤਨਦੇਹੀ ਨਾਲ ਕੀਤਾ ਜਾਵੇ।