ਜਗਰਾਉਂ, 20 ਨਵੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )- ਔਰਤ ਦੇ ਗਲੇ ’ਚੋਂ ਸੋਨੇ ਦੀ ਚੇਨ ਝਪਟ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਵਿਅਕਤੀ ਨੂੰ ਲੋਕਾਂ ਨੇ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਇਸ ਸਬੰਧੀ ਉਸ ਖ਼ਿਲਾਫ਼ ਥਾਣਾ ਸਿਟੀ ਜਗਰਾਉਂ ਵਿੱਚ ਕੇਸ ਦਰਜ ਕੀਤਾ ਗਿਆ। ਰਘੁਵੀਰ ਸਿੰਘ ਵਾਸੀ ਅਗਵਾੜ ਡਾਲਾ ਜਗਰਾਉਂ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਜਦੋਂ ਮੈਂ ਆਪਣੀ ਭੈਣ ਕਰਮਜੀਤ ਕੌਰ ਵਾਸੀ ਪਿੰਡ ਅਲੀਗੜ੍ਹ ਅਤੇ ਆਪਣੀ ਪਤਨੀ ਗੁਰਪ੍ਰੀਤ ਕੌਰ ਨਾਲ ਕਮਲ ਚੌਕ ਨੇੜੇ ਸਥਿਤ ਬੰਬੇ ਸਿਲਕ ਸਟੋਰ ਤੋਂ ਕੱਪੜੇ ਖਰੀਦਣ ਕੇ ਬਾਹਰ ਆ ਰਹੇ ਸੀ ਤਾਂ ਇਕ ਵਿਅਕਤੀ ਨੇ ਮੇਰੀ ਭੈਣ ਕਰਮਜੀਤ ਕੌਰ ਦੇ ਗਲੇ ਵਿਚ ਪਾਈ ਸੋਨੇ ਦੀ ਚੇਨ ਝਪਟ ਲਈ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਜਦੋਂ ਮੇਰੀ ਭੈਣ ਕਰਮਜੀਤ ਕੌਰ ਨੇ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ। ਉਕਤ ਵਿਅਕਤੀ ਨੇ ਆਪਣਾ ਨਾਮ ਗੁਰਮੇਲ ਸਿੰਘ ਵਾਸੀ ਪਿੰਡ ਚੌਧਰੀਆਂ ਵਾਲੀ ਗਲੀ ਸ਼ਹਿਰ ਮੋਗਾ ਦੱਸਿਆ। ਉਸ ਕੋਲੋਂ ਕਰਮਜੀਤ ਕੌਰ ਦੇ ਗਲੇ ਵਿਚ ਪਾਈ ਸੋਨੇ ਦੀ ਚੇਨ ਜੋ ਉਸ ਨੇ ਖੋਹੀ ਸੀ, ਬਰਾਮਦ ਕਰ ਲਈ। ਉਸ ਨੂੰ ਪੁਲੀਸ ਹਵਾਲੇ ਕਰ ਦਿੱਤਾ ਗਿਆ। ਏਐਸਆਈ ਜ਼ੋਰਾਵਰ ਸਿੰਘ ਨੇ ਦੱਸਿਆ ਕਿ ਗੁਰਮੇਲ ਸਿੰਘ ਖ਼ਿਲਾਫ਼ ਥਾਣਾ ਸਿਟੀ ਜਗਰਾਉਂ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।