ਜਗਰਾਉਂ, 7 ਦਸੰਬਰ ( ਭਗਵਾਨ ਭੰਗੂ, ਜਗਰੂਪ ਸੋਹੀ )-ਸੀ.ਆਈ.ਏ ਸਟਾਫ਼ ਅਤੇ ਥਾਣਾ ਸਿੱਧਵਾਂਬੇਟ ਦੀ ਪੁਲਿਸ ਪਾਰਟੀਆਂ ਨੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 2 ਕਿਲੋ 700 ਗ੍ਰਾਮ ਅਫੀਮ ਅਤੇ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਐਸ.ਪੀ ਹੈੱਡ ਕੁਆਟਰ ਮਨਵਿੰਦਰਵੀਰ ਸਿੰਘ ਨੇ ਦੱਸਿਆ ਕਿ ਡੀ.ਐਸ.ਪੀ ਸਤਵਿੰਦਰ ਸਿੰਘ ਵਿਰਕ ਦੀਆਂ ਹਦਾਇਤਾਂ ’ਤੇ ਥਾਣਾ ਸਿੱਧਵਾਂਬੇਟ ਦੇ ਇੰਚਾਰਜ ਇੰਸਪੈਕਟਰ ਕੁਲਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਚੈਕਿੰਗ ਲਈ ਕਿਸ਼ਨਪੁਰਾ ਚੌਕ ਸਿੱਧਵਾਂਬੇਟ ਵਿਖੇ ਮੌਜੂਦ ਸੀ ਤਾਂ ਸੂਚਨਾ ਮਿਲੀ ਕਿ ਦਵਿੰਦਰ ਸਿੰਘ ਵਾਸੀ ਪਿੰਡ ਬਜੂਹਾ ਕਲਾਂ, ਥਾਣਾ ਸਦਰ ਨਕੋਦਰ, ਜਲੰਧਰ ਅਫੀਮ ਵੇਚਣ ਦਾ ਧੰਦਾ ਕਰਦਾ ਹੈ। ਜੋ ਅਫੀਮ ਲੈ ਕੇ ਪਿੰਡ ਖੁਰਸ਼ੈਦਪੁਰਾ ਵਾਲੇ ਪਾਸੇ ਤੋਂ ਸਿੱਧਵਾਂਬੇਟ ਇਲਾਕੇ ਵੱਲ ਜਾ ਰਿਹਾ ਹੈ। ਇਸ ਸਬੰਧੀ ਸੂਚਨਾ ਮਿਲਣ ’ਤੇ ਬੰਨ੍ਹ ਦਰਿਆ ਪੁਲ ਖੁਰਸ਼ੀਦਪੁਰਾ ’ਤੇ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਮੋਢੇ ’ਤੇ ਕਾਲੇ ਰੰਗ ਦੀ ਕਿੱਟ (ਬੈਗ) ਲੈ ਕੇ ਆ ਰਿਹਾ ਸੀ। ਜਦੋਂ ਉਸ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਨਾਮ ਦਵਿੰਦਰ ਸਿੰਘ ਦੱਸਿਆ ਤਾਂ ਉਸ ਦੇ ਮੋਢੇ ’ਤੇ ਰੱਖੀ ਕਿੱਟ (ਬੈਗ) ਦੀ ਚੈਕਿੰਗ ਕੀਤੀ ਗਈ ਤਾਂ ਉਸ ’ਚੋਂ 2 ਕਿਲੋ 700 ਗ੍ਰਾਮ ਅਫੀਮ ਬਰਾਮਦ ਹੋਈ। ਇਸ ਸਬੰਧੀ ਥਾਣਾ ਸਿੱਧਵਾਂਬੇਟ ਵਿਖੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਸੀ.ਆਈ.ਏ ਸਟਾਫ਼ ਦੇ ਏ.ਐਸ.ਆਈ ਲਖਬੀਰ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਰੋਡ ਨਾਨਕਸਰ ’ਤੇ ਚੈਕਿੰਗ ਦੌਰਾਨ ਮਿਲੀ ਸੂਚਨਾ ਦੇ ਆਧਾਰ ’ਤੇ ਬਲਵਿੰਦਰ ਕੁਮਾਰ ਵਾਸੀ ਬੇਦੀ ਨਗਰ ਮੋਗਾ, ਮੌਜੂਦਾ ਵਾਸੀ ਬੱਸ ਸਟੈਂਡ ਸ਼ਿਮਲਾਪੁਰੀ ਲੁਧਿਆਣਾ ਅਤੇ ਵਰਿੰਦਰ ਸਿੰਘ ਉਰਫ਼ ਬਿੰਦੂ ਵਾਸੀ ਪਿੰਡ ਮੱਲੇਆਣਾ ਜਿਲਾ ਮੋਗਾ ਨੂੰ ਜੁਪੀਟਰ ਸਕੂਟੀ ’ਤੇ ਜਾਂਦੇ ਸਮੇਂ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਬਲਵਿੰਦਰ ਕੁਮਾਰ ਅਤੇ ਵਰਿੰਦਰ ਸਿੰਘ ਖ਼ਿਲਾਫ਼ ਥਾਣਾ ਸਿਟੀ ਜਗਰਾਉਂ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ।