ਸੱਤ ਦਿਨਾਂ ਤੋਂ ਝੋਨਾ ਲੈ ਕੇ ਸ਼ੈਲਰ ਵਿੱਚ ਖੜ੍ਹੇ ਟਰੱਕ ਨੂੰ ਨਹੀਂ ਕੀਤਾ ਜਾ ਰਿਹਾ ਖਾਲੀ
ਜਗਰਾਓਂ, 12 ਦਸੰਬਰ ( ਜਗਰੂਪ ਸੋਹੀ )-ਭਾਵੇਂ ਪੰਜਾਬ ਸਰਕਾਰ ਫ਼ਸਲਾਂ ਦੀ ਸਾਂਭ ਸੰਭਾਲ ਪ੍ਰਤੀ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਹਕੀਕਤ ਕੁਝ ਹੋਰ ਹੀ ਹੈ। ਇਸ ਦੀ ਉਦਾਹਰਨ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਪਿਛਲੇ 7 ਦਿਨਾਂ ਤੋਂ ਝੋਨੇ ਨਾਲ ਲੱਦੇ ਟਰੱਕ ਨੂੰ ਸ਼ੈਲਰ ਮਾਲਕ ਵਲੋਂ ਖਾਲੀ ਨਹੀਂ ਕੀਤਾ ਜਾ ਰਿਹਾ ਅਤੇ ਟਰੱਕ ਚਾਲਕ ਬੇਹੱਦ ਪ੍ਰੇਸ਼ਾਨ ਹੈ ਅਤੇ ਰੋਜਾਨਾ ਆਰਥਿਕ ਨੁਕਸਾਨ ਸਹਿਨ ਕਰਨ ਲਈ ਮਜ਼ਬੂਰ ਹੈ। ਜਿਸ ਦਾ ਮਾਲ ਸ਼ੈਲਰ ਵਿੱਚ ਨਹੀਂ ਉਤਾਰਿਆ ਜਾ ਰਿਹਾ ਅਤੇ ਹਰ ਰੋਜ਼ ਕੋਈ ਨਾ ਕੋਈ ਬਹਾਨਾ ਬਣਾ ਕੇ ਟਾਲ ਦਿੱਤਾ ਜਾਂਦਾ ਹੈ। ਇਸ ਸਬੰਧੀ ਟਰੱਕ ਚਾਲਕ ਗੁਰਮੀਤ ਸਿੰਘ ਪਿੰਡ ਸੋਹੀਆਂ ਨੇ ਦੱਸਿਆ ਕਿ ਉਹ ਅਮਰਜੀਤ ਸਿੰਘ ਕਮਿਸ਼ਨ ਏਜੰਟ ਦੀ ਦੁਕਾਨ ਤੋਂ ਰਸੂਲਪੁਰ ਮੰਡੀ ਤੋਂ ਝੋਨਾ ਲੱਦ ਕੇ ਆਇਆ ਸੀ ਅਤੇ ਅੱਧੇ ਘੰਟੇ ਵਿੱਚ ਹੀ ਉਹ ਪਿੰਡ ਕਾਉਂਕੇ ਰੋਡ ’ਤੇ ਪੈਲੇਸ ਨੇੜੇ ਗਣਪਤੀ ਸ਼ੈਲਰ ’ਤੇ ਪਹੁੰਚ ਗਿਆ। ਇਹ ਮਾਲ ਪਨਗ੍ਰੇਨ ਏਜੰਸੀ ਦਾ ਹੈ। ਪਿਛਲੇ 7 ਦਿਨਾਂ ਤੋਂ ਉਸ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਫਸਲ ਨੂੰ ਨਹੀਂ ਉਤਾਰਿਆ ਜਾ ਰਿਹਾ। ਉਹ ਰੋਜ਼ਾਨਾ ਆਪਣੇ ਪਿੰਡ ਤੋਂ ਸ਼ੈਲਰ ਤੱਕ ਬੱਸ ਰਾਹੀਂ ਸਫ਼ਰ ਕਰਦਾ ਹੈ। ਪਿੰਡ ਵਿੱਚ ਸ਼ੈਲਰ ਹੋਣ ਕਾਰਨ ਉਸ ਨੂੰ ਹਰ ਰੋਜ਼ ਬਹੁਤੀ ਦੂਰ ਪੈਦਲ ਚੱਲ ਕੇ ਪਹੁੰਚਣਾ ਪੈਂਦਾ ਹੈ। ਉਸਨੇ ਕਿਹਾ ਕਿ ਉਸਨੂੰ ਇਹ ਕਿਹਾ ਜਾ ਰਿਹਾ ਹੈ ਕਿ ਉਸਦੀ ਗੱਡੀ ਵਿਚ ਮਾਲ ਪੂਰਾ ਨਹੀਂ ਹੈ। ਜਦੋਂ ਕਿ ਉਹ ਰਸੂਲਪੁਰ ਮੰਡੀ ਤੋਂ ਮਾਲ ਲੱਦ ਕੇ ਸਿਰਫ ਅੱਧੇ ਘੰਟੇ ਦੇ ਅੰਦਰ ਹੀ ਇਥੇ ਪਹੁੰਚ ਗਿਆ ਸੀ ਅਤੇ ਟਰੱਕ ਵਿਚ ਬਰਾਇਦਾ ਤੌਰ ਤੇ ਜੀਪੀਐਸ ਸਿਸਟਮ ਵੀ ਲੱਗਾ ਹੋਇਆ ਹੈ। ਜਿਸਤੋਂ ਹਰ ਤਰ੍ਹਾਂ ਦੀ ਜਾਂਚ ਕੀਤੀ ਜਾ ਸਕਦੀ ਹੈ। ਇਹ ਸ਼ੈਲਰ ਮਾਲਕ, ਕਮਿਸ਼ਨ ਏਜੰਟ ਅਤੇ ਪਨਗ੍ਰੇਨ ਵਿਭਾਗ ਦਾ ਆਪਸੀ ਮਾਮਲਾ ਹੈ। ਜਿਸ ਵਿਚ ਮੈਨੂੰ ਬਿਨ੍ਹਾਂ ਵਜਹ ਪੀਸਿਆ ਜਾ ਰਿਹਾ ਹੈ। ਜਦੋਂ ਕਿ ਉਸਦਾ ਕੋ ਵੀ ਕਸੂਰ ਨਹੀਂ ਹੈ। ਉਸਨੂੰ ਇਹ ਫਸਲ ਮੰਡੀ ਤੋਂ ਚੁੱਕ ਕੇ ਸ਼ੈਲਰ ਤੱਕ ਪਹੁੰਚਾਉਣ ਲਈ ਕਿਰਾਏ ਵਜੋਂ ਸਿਰਫ 3200 ਰੁਪਏ ਕਿਰਾਇਆ ਮਿਲਣਾ ਸੀ ਪਰ ਉਸ ਦਾ ਟਰੱਕ 7 ਦਿਨਾਂ ਤੋਂ ਸ਼ੈਲਰ ਵਿਚ ਕੜਾ ਹੈ। ਕੀ ਕਹਿਣਾ ਹੈ ਸ਼ੈਲਰ ਮਾਲਕ ਦਾ-
ਇਸ ਸਬੰਧੀ ਜਦੋਂ ਗਣਪਤੀ ਸ਼ੈਲਰ ਦੇ ਮਾਲਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਦੇ ਟਰੱਕ ਵਿੱਚ ਫਸਲ ਦਾ ਭਾਰ 12 ਕੁਇੰਟਲ ਘੱਟ ਹੈ ਹੈ। ਜਦੋਂ ਕਿ ਇਸ ਵਿੱਚ ਗੇਟ ਪਾਸ ਵਧੇਰੇ ਵਜ਼ਨ ਦਾ ਹੈ। ਇਸ ਤੋਂ ਇਲਾਵਾ ਸਰਕਾਰੀ ਮਾਪਦੰਡਾਂ ਅਨੁਸਾਰ ਟਰੱਕ ਵਿੱਚ ਪਿਆ ਝੋਨਾ ਮਿਆਰੀ ਨਹੀਂ ਹੈ। ਇਸ ਲਈ ਅਸੀਂ ਇਸ ਨੂੰ ਅਯੋਗ ਕਰਾਰ ਦਿੱਤਾ ਹੈ ਅਤੇ ਆਪਣੇ ਸ਼ੈਲਰ ਤੋਂ ਟਰੱਕ ਡਰਾਈਵਰ ਨੂੰ ਆਪਣਾ ਟਰੱਕ ਵਾਪਸ ਕਮਿਸ਼ਨ ਏਜੰਟ ਦੀ ਦੁਕਾਨ ਜਾਂ ਟਰੱਕ ਯੂਨੀਅਨ ਵਿੱਚ ਲਿਜਾਣ ਲਈ ਕਿਹਾ ਹੈ।
ਕੀ ਕਹਿਣਾ ਹੈ ਆੜਤੀ ਦਾ-
ਇਸ ਸਬੰਧੀ ਜਦੋਂ ਆੜਤੀ ਅਮਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਭੇਜਿਆ ਗਿਆ ਮਾਲ ਬਿਲਕੁਲ ਠੀਕ ਹੈ। ਇਹ ਸਰਕਾਰੀ ਮਾਪਦੰਡਾਂ ਅਨੁਸਾਰ ਕੁਆਲਿਟੀ ਦਾ ਸੀ ਅਤੇ ਪੂਰੇ ਭਾਰ ਨਾਲ ਤੋਲਣ ਤੋਂ ਬਾਅਦ ਭੇਜਿਆ ਗਿਆ ਸੀ ਅਤੇ ਅੱਧੇ ਘੰਟੇ ਵਿੱਚ ਉਕਤ ਸ਼ੈਲਰ ਵਿੱਚ ਟਰੱਕ ਡਰਾਈਵਰ ਫਸਲ ਲੈ ਕੇ ਪਹੁੰਚ ਗਿਆ ਸੀ। ਹੁਣ ਸਿਰਫ ਅੱਧੇ ਘੰਟੇ ਵਿਚ ਹੀ ਫਸਲ ਕਿਵੇਂ ਅਯੋਗ ਹੋ ਗਈ ਅਤੇ ਇੰਨੇ ਥੋੜ੍ਹੇ ਸਮੇਂ ਵਿੱਚ 12 ਕੁਇੰਟਲ ਵਜਨ ਕਿਵੇਂ ਘੱਟ ਗਿਆ ਇਹ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ। ਅਮਰਜੀਤ ਸਿੰਘ ਨੇ ਦੋਸ਼ ਲਗਾਇਆ ਕਿ ਸ਼ੈਲਰ ਮਾਲਕ ਅਕਸਰ ਭਾਰ ਘੱਟ ਹੋਣ ਦੇ ਬਹਾਨੇ ਉਨ੍ਹਾਂ ਤੋਂ ਵੱਧ ਫਸਲ ਲੈ ਲੈਂਦੇ ਹਨ ਪਰ ਹੁਣ ਅਜਿਹਾ ਨਹੀਂ ਕੀਤਾ ਜਾ ਸਕਦਾ। ਸ਼ੈਲਰ ਮਾਲਕ ਸਿਰਫ ਮਾਲ ਨੂੰ ਆਪਣੇ ਸ਼ੈਲਰ ਵਿਚ ਲਾਹੁਣ ਤੋਂ ਆਨਾਕਾਨੀ ਅਤੇ ਬਹਾਨੇਬਾਜ਼ੀ ਕਰ ਰਿਹਾ ਹੈ।
ਕੀ ਕਹਿਣਾ ਹੈ ਇੰਸਪੈਕਟਰ ਦਾ-
ਇਸ ਸਬੰਧੀ ਜਦੋਂ ਪਨਗ੍ਰੇਨ ਏਜੰਸੀ ਦੇ ਇੰਸਪੈਕਟਰ ਹਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਟਰੱਕ ਵਿੱਚ ਲੋਡ ਮਾਲ ਦਾ ਵਜ਼ਨ ਘੱਟ ਹੈ ਅਤੇ ਇਸ ਦੇ ਨਾਲ ਹੀ ਆਨਲਾਈਨ ਵਜ਼ਨ ਸਲਿੱਪ ਜ਼ਿਆਦਾ ਹੈ। ਇਸ ਲਈ ਪਰਚੀ ਅਨੁਸਾਰ ਟਰੱਕ ਵਿਚ ਫਸਲ ਦਾ ਭਾਰ ਘੱਟ ਹੋਣ ਕਾਰਨ ਉਸ ਨੂੰ ਉਤਾਰਿਆ ਨਹੀਂ ਜਾ ਸਕਦਾ।