ਜਗਰਾਓਂ, 14 ਦਸੰਬਰ ( ਲਿਕੇਸ਼ ਸ਼ਰਮਾਂ, ਅਸ਼ਵਨੀ )-ਬੱਸ ਅੱਡਾ ਪੁਲਿਸ ਪਾਰਟੀ ਨੇ ਚੋਰੀ ਦੇ ਮੋਟਰਸਾਈਕਲ ਵੇਚਣ ਜਾ ਰਹੇ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 6 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ। ਬੱਸ ਸਟੈਂਡ ਪੁਲੀਸ ਚੌਕੀ ਦੇ ਇੰਚਾਰਜ ਏਐਸਆਈ ਸੁਖਵਿੰਦਰ ਸਿੰਘ ਦਿਓਲ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਨਾਲ ਚੈਕਿੰਗ ਲਈ ਮਲਕ ਚੌਕ ਜਗਰਾਉਂ ਵਿਖੇ ਮੌਜੂਦ ਸਨ। ਉਥੇ ਸੂਚਨਾ ਮਿਲੀ ਕਿ ਲਵਪ੍ਰੀਤ ਸਿੰਘ ਵਾਸੀ ਖੰਡੂਰ ਮੌਜੂਦਾ ਸਮੇਂ ਪਿੰਡ ਮਡਿਆਣੀ ਅਤੇ ਜਤਿੰਦਰ ਸਿੰਘ ਉਰਫ ਬੱਗਾ ਵਾਸੀ ਪਿੰਡ ਮੰਡਿਆਣੀ ਮੌਜੂਦਾ ਨਿਵਾਸੀ ਜਗਰਾਉਂ ਮੋਟਰਸਾਈਕਲ ਚੋਰੀ ਕਰਨ ਦਾ ਧੰਦਾ ਕਰਦੇ ਹਨ। ਜੋ ਦੋ ਚੋਰੀ ਦੇ ਮੋਟਰਸਾਈਕਲਾਂ ’ਤੇ ਸਵਾਰ ਮੋਟਰਸਾਈਕਲਾਂ ਨੂੰ ਵੇਚਣ ਲਈ ਪਿੰਡ ਮੰਡਿਆਣੀ ਤੋਂ ਮੋਗਾ ਵਾਇਆ ਜਗਰਾਉਂ ਜਾ ਰਹੇ ਹਨ। ਇਸ ਸੂਚਨਾ ’ਤੇ ਰਾਜਾ ਢਾਬਾ ਅਲੀਗੜ੍ਹ ਨੇੜੇ ਨਾਕਾਬੰਦੀ ਕੀਤੀ ਗਈ ਅਤੇ ਲਵਪ੍ਰੀਤ ਸਿੰਘ ਅਤੇ ਜਤਿੰਦਰ ਸਿੰਘ ਨੂੰ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਜਾਂਦੇ ਹੋਏ ਕਾਬੂ ਕੀਤਾ ਗਿਆ। ਉਨ੍ਹਾਂ ਕੋਲੋਂ ਪੁੱਛਗਿੱਛ ਦੌਰਾਨ ਚਾਰ ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ ਹੋਏ। ਏ.ਐਸ.ਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਖਿਲਾਫ ਪਹਿਲਾਂ ਵੀ ਥਾਣਾ ਦਾਖਾ ਅਤੇ ਥਾਣਾ ਡਿਵੀਜ਼ਨ ਨੰਬਰ 7 ਲੁਧਿਆਣਾ ਵਿੱਚ ਦੋ ਮੁਕੱਦਮੇ ਦਰਜ ਹਨ ਅਤੇ ਜਤਿੰਦਰ ਸਿੰਘ ਖਿਲਾਫ ਥਾਣਾ ਸਿਟੀ, ਥਾਣਾ ਸਦਰ ਜਗਰਾਉਂ ਅਤੇ ਥਾਣਾ ਦਾਖਾ ਵਿੱਚ ਪੰਜ ਮੁਕੱਦਮੇ ਐਨ.ਡੀ.ਪੀ.ਐਸ. ਐਕਟ ਅਤੇ ਚੋਰੀ ਦੇ ਦਰਜ ਹਨ। ਇਨ੍ਹਾਂ ਨੂੰ ਪੁਲਿਸ ਰਿਮਾਂਡ ’ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।