ਜਗਰਾਉਂ 19 ਦਸੰਬਰ ( ਵਿਕਾਸ ਮਠਾੜੂ, ਧਰਮਿੰਦਰ )-ਪਿੰਡ ਅਖਾੜਾ ਦੇ ਸਾਬਕਾ ਸੈਨਿਕ ਤੇ ਹਾਕੀ ਕੋਚ ਕੁਲਵਿੰਦਰ ਸਿੰਘ ਸਮਰਾ ਨੇ ਤੀਜੀਆਂ “ਖੇਲੋ ਮਾਸਟਰ ਗੇਮਜ” ਵਿੱਚ ਹਿਮਾਚਲ ਤਰਫੋਂ ਖੇਡ ਕੇ ਪਹਿਲਾ ਸਥਾਨ ਹਾਸਿਲ ਕੀਤਾ ਹੈ। ਦੱਸਣਯੋਗ ਹੈ ਕਿ ਤੀਜੀਆਂ “ਖੇਲੋ ਮਾਸਟਰ ਗੇਮਜ ” ਜੋ ਦਿੱਲੀ ਵਿਖੇ ਹੋਈਆਂ ਹਨ, ਇਨ੍ਹਾਂ ਗੇਮਾਂ ਵਿੱਚ 40 ਸਾਲ ਜਾਂ ਇਸਤੋਂ ਉੱਪਰ ਪੰਜਾਬ ਦੇ ਕੁੱਲ 7 ਹਾਕੀ ਖਿਡਾਰੀ ਸਨ। ਇਨ੍ਹਾਂ ਖਿਡਾਰੀਆਂ ਨੇ ਫਾਈਨਲ ਮੈਚ ਵਿਚ ਹਿਮਾਚਲ ਤਰਫੋਂ ਖੇਡਦਿਆਂ ਪੰਜਾਬ ਨੂੰ ਪਛਾੜ ਕੇ ਹਾਕੀ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਪਹਿਲਾਂ ਸਥਾਨ ਹਾਸਿਲ ਕਰਨ ਬਦਲੇ ਉਨ੍ਹਾਂ ਨੂੰ ਮੇਜ਼ਰ ਧਿਆਨ ਚੰਦ ਦੇ ਪੁੱਤਰ ਅਸ਼ੋਕ ਕੁਮਾਰ ਦੇ ਹੱਥੋਂ ਗੋਲਡ ਮੈਡਲ ਸਨਮਾਨ ਵਜੋਂ ਮਿਲਿਆ ਹੈ। ਕੁਲਵਿੰਦਰ ਸਿੰਘ ਦੀ ਇਸ ਪ੍ਰਾਪਤੀ ‘ਤੇ ਯੁਵਕ ਸੇਵਾਵਾਂ ਕਲੱਬ ਅਖਾੜਾ ਤੇ ਗ੍ਰਾਮ ਪੰਚਾਇਤ ਪਿੰਡ ਅਖਾੜਾ ਵਲੋਂ ਕੁਲਵਿੰਦਰ ਸਿੰਘ ਨੂੰ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ ਹਨ।ਇੱਥੇ ਇਹ ਵੀ ਦੱਸਣਯੋਗ ਹੈ ਕਿ ਕੁਲਵਿੰਦਰ ਸਿੰਘ ਨੇ ਆਰਮੀ ਵਿੱਚ ਹੁੰਦਿਆਂ ਵੀ ਹਾਕੀ ਖੇਡ ਜ਼ਰੀਏ ਅਨੇਕਾਂ ਮੈਡਲ ਪ੍ਰਾਪਤ ਕੀਤੇ ਤੇ ਰਿਟਾਇਰਮੈਂਟ ਉਪਰੰਤ ਉਹ ਓਪਨ ਹਾਕੀ ਅਕੈਡਮੀ ਚਲਾ ਕੇ ਨਵੀਂ ਪੀੜ੍ਹੀ ਨੂੰ ਹਾਕੀ ਖੇਡ ਨਾਲ ਜੋੜਨ ਦਾ ਯਤਨ ਕਰ ਰਿਹਾ ਹੈ।