ਜਗਰਾਓਂ , 12 ਜਨਵਰੀ ( ਭਗਵਾਨ ਭੰਗੂ, ਜਗਰੂਪ ਸੋਹੀ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਘਰ ਪਿੰਡ ਕਾਉਂਕੇ ਕਲਾਂ ਵਿਖੇ ਅੱਜ ਦੇਰ ਸ਼ਾਮ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸੀਨੀਅਰ ਲੀਡਰਸ਼ਿਪ ਸਮੇਤ ਪਹੁੰਚੇ ਅਤੇ ਉਨ੍ਹਾਂ ਸਮੁੱਚੀ ਲੀਡਰਸ਼ਿਪ ਸਮੇਤ ਕਰੀਬ 1 ਘੰਟਾ ਸਾਬਕਾ ਜਥੇਦਾਰ ਭਾਈ ਕਾਉਂਕੇ ਦੇ ਪਰਿਵਾਰਕ ਮੈਂਬਰਾਂ ਨਾਲ ਬੰਦ ਕਮਰਾ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਭਾਈ ਕਾਉਂਕੇ ਨੂੰ ਪੁਲਿਸ ਹਿਰਾਸਤ ਵਿਚ ਰੱਖ ਕੇ ਅੰਨ੍ਹਾ ਤਸ਼ੱਦਦ ਕਰਨ ਅਤੇ ਉਨ੍ਹਾਂ ਨੂੰ ਸ਼ਹੀਦ ਕਰਨ ਦੇ ਮਾਮਲੇ ਵਿਚ ਕਸੂਰਵਾਰ ਪੁਲਿਸ ਅਫਸਰਾਂ ਖ਼ਿਲਾਫ਼ ਪਰਚਾ ਦਰਜ ਕਰਵਾਉਣ ਲਈ ਭਾਈ ਕਾਉਂਕੇ ਦੀ ਪਤਨੀ ਗੁਰਮੇਲ ਕੌਰ ਤੇ ਪੁੱਤਰ ਭਾਈ ਹਰੀ ਸਿੰਘ ਕਾਉਂਕੇ ਨਾਲ ਵੀ ਗੱਲਬਾਤ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵਿਚ ਦਲਜੀਤ ਸਿੰਘ ਚੀਮਾ, ਵਿਰਸਾ ਸਿੰਘ ਵਲਟੋਹਾ, ਬਲਵਿੰਦਰ ਸਿੰਘ ਭੂੰਦੜ, ਮਹੇਸ਼ ਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ, ਹੀਰਾ ਸਿੰਘ ਗਾਬੜੀਆ, ਐਸਆਰ ਕਲੇਰ ਆਦਿ ਵੀ ਮੀਟਿੰਗ ਵਿਚ ਸ਼ਾਮਲ ਹੋਏ।